ਦੇਵੀਗੜ੍ਹ, 23 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਜੁਲਾਹਖੇੜੀ ਵਿਖੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਸਭਿਆਚਾਰਕ ਕਦਰਾਂ-ਕੀਮਤਾਂ ਨਾਲ ਜੋੜਨ ਦੇ ਮਕਸਦ ਨਾਲ ਇੱਕ ਸ਼ਾਨਦਾਰ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਤੀਜੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਦਿਖਾਉਂਦਿਆਂ ਆਪਣੀ ਕਲਾ ਦੇ ਜੌਹਰ ਵਿਖਾਏ | ਮੁਕਾਬਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਦਿਆਰਥੀਆਂ ਦੀ ਉਮਰ ਅਤੇ ਜਮਾਤ ਅਨੁਸਾਰ ਵੱਖ-ਵੱਖ ਗਰੁੱਪ ਬਣਾਏ ਗਏ ਸਨ | ਬੱਚਿਆਂ ਨੇ ਬੜੇ ਹੀ ਕਲਾਤਮਕ ਅਤੇ ਸੁੰਦਰ ਤਰੀਕੇ ਨਾਲ ਦਸਤਾਰਾਂ ਸਜਾ ਕੇ ਸਭ ਦਾ ਮਨ ਮੋਹ ਲਿਆ | ਸਕੂਲ ਦੀ ਸਵੇਰ ਦੀ ਸਭਾ ਦੌਰਾਨ ਹਰੇਕ ਵਰਗ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਜੇਤੂਆਂ ਨੂੰ ਵਿਸ਼ੇਸ਼ ਤੌਰ 'ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦਸਤਾਰ ਕੇਵਲ ਪੰਜ ਮੀਟਰ ਦਾ ਕੱਪੜਾ ਨਹੀਂ, ਸਗੋਂ ਸਾਡੀ ਸਾਨ੍ਹ, ਸਵੈ-ਮਾਣ ਅਤੇ ਪਛਾਣ ਦਾ ਪ੍ਰਤੀਕ ਹੈ | ਅਜਿਹੇ ਮੁਕਾਬਲੇ ਬੱਚਿਆਂ ਦੇ ਮਨਾਂ ਵਿੱਚ ਆਪਣੇ ਵਿਰਸੇ ਪ੍ਰਤੀ ਮਾਣ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ |ਸਕੂਲ ਦੇ ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਨੇ ਆਏ ਹੋਏ ਮਹਿਮਾਨਾਂ ਅਤੇ ਸਟਾਫ਼ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਿੱਥੇ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਆਪਣੇ ਗੌਰਵਮਈ ਇਤਿਹਾਸ ਬਾਰੇ ਜਾਗਰੂਕ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ |