ਸਮਾਣਾ, 24 ਅਪ੍ਰੈਲ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਟਾਵਰ ਮੋਰਚੇ ਦੇ ਸੁੱਖ-ਸ਼ਾਂਤੀ ਨਾਲ ਸਮਾਪਤ ਹੋਣ 'ਤੇ ਤਸੱਲੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਸੰਤ ਸਮਾਜ ਤੇ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਵਿਚ ਸੋਧ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲਈ 10 ਸਾਲ ਤੋਂ ਉਮਰ ਕੈਦ ਅਤੇ ਨਾਲ ਹੀ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਹੈ | ਹੁਣ ਸ਼ਰਾਰਤੀ ਅਨਸਰ ਇਸ ਅਪਰਾਧ ਨੂੰ ਅੰਜਾਮ ਦੇਣ ਲਈ ਸੌ ਵਾਰੀ ਸੋਚਣਗੇ | ਉਨ੍ਹਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਭਰਵੀਂ ਤਾਰੀਫ਼ ਕੀਤੀ ਜਿਨ੍ਹਾਂ ਨੇ ਭਾਈ ਗੁਰਜੀਤ ਸਿੰਘ ਨੂੰ ਭਾਰਤੀ ਸੰਚਾਰ ਨਿਗਮ ਦੇ 4 ਸੌ ਫੁੱਟ ਉੱਚੇ ਟਾਵਰ ਤੋਂ ਸਖ਼ਤ ਮਿਹਨਤ ਅਤੇ ਕੁਸ਼ਲਤਾ ਨਾਲ ਥੱਲੇ ਉਤਾਰਿਆ ਹੈ | ਉਨ੍ਹਾਂ ਮੋਰਚੇ ਦੀ ਸੰਗਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਨੇ 18 ਮਹੀਨੇ 12 ਦਿਨ ਦੇ ਲੰਮੇ ਸੰਘਰਸ਼ ਦੌਰਾਨ ਕਦੇ ਵੀ ਮਾਹੌਲ ਖ਼ਰਾਬ ਨਹੀਂ ਕੀਤਾ | ਉਨ੍ਹਾਂ ਆਖਿਆ ਕਿ ਭਾਈ ਗੁਰਜੀਤ ਸਿੰਘ ਖ਼ਾਲਸਾ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਕੇ ਸਮੁੱਚੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ | ਜੌੜਾਮਾਜਰਾ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਹੈ |