ਘਨੌਰ, 24 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਨਾਜਾਇਜ ਮਾਈਨਿੰਗ ਖਿਲਾਫ਼ ਦੇਰ ਰਾਤ ਵੱਡੀ ਕਾਰਵਾਈ ਕਰਦਿਆਂ ਹਲਕਾ ਘਨੌਰ ਦੇ ਪਿੰਡ ਬਠੋਣੀਆ ਖੁਰਦ ਵਿਖੇ ਮਾਈਨਿੰਗ ਵਿਭਾਗ ਵਲੋਂ ਨਾਜਾਇਜ ਮਾਈਨਿੰਗ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕਸਿਆ ਗਿਆ | ਮਾਈਨਿੰਗ ਵਿਭਾਗ ਵਲੋਂ ਪਿੰਡ ਬਠੋਣੀਆ ਤੋਂ ਕਾਬੂ ਕੀਤੇ ਨਾਜਾਇਜ ਮਾਈਨਿੰਗ ਨਾਲ ਸੰਬੰਧਤ ਮਿੱਟੀ ਦੇ ਭਰੇ ਟਿਪਰ ਨੂੰ ਥਾਣਾ, ਸ਼ੰਭੂ ਵਿਖੇ ਅਗਲੀ ਕਾਰਵਾਈ ਹਿੱਤ ਸਪੁਰਦ ਕੀਤਾ ਗਿਆ | ਫੋਨ 'ਤੇ ਗੱਲਬਾਤ ਕਰਨ 'ਤੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਹਰਦੀਪ ਗੁਲਾਟੀ ਵਲੋਂ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਦੇਰ ਰਾਤ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਠੋਣੀਆ ਵਿਖੇ ਨਾਜਾਇਜ਼ ਮਾਈਨਿੰਗ ਮਾਫੀਆ ਵਲੋਂ ਰਾਤ ਨੂੰ ਮਾਈਨਰ ਮਿਨਰਲ ਦੀ ਨਾਜਾਇਜ ਢੋਆ ਢੁਆਈ ਕੀਤੀ ਜਾ ਰਹੀ ਹੈ, ਜਿਸ ਕਾਰਨ ਮਾਈਨਿੰਗ ਵਿਭਾਗ ਵਲੋਂ ਇਹ ਛਾਪੇਮਾਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਐਸ.ਈ ਰਜਿੰਦਰ ਘਈ ਅਤੇ ਜ਼ਿਲ੍ਹਾ ਮਾਈਨਿੰਗ ਅਫਸਰ ਅਕਾਸ਼ ਅਗਰਵਾਲ ਵਲੋਂ ਨਾਜਾਇਜ ਮਾਈਨਿੰਗ ਨੂੰ ਮੁਕੰਮਲ ਠੱਲ੍ਹ ਪਾਉਣ ਦੇ ਸਖਤ ਨਿਰਦੇਸ਼ਾਂ ਦੇ ਚੱਲਦਿਆਂ ਇਹ ਕਾਰਵਾਈਆਂ ਜਾਰੀ ਰਹਿਣਗੀਆਂ | ਉਨ੍ਹਾਂ ਨਾਜਾਇਜ ਮਾਈਨਿੰਗ ਕਰਨ ਵਾਲੇ ਅਨਸਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਦੀ ਬਣਦੀ ਰੋਆਲਿਟੀ ਭਰਨ ਉਪਰੰਤ ਹੀ ਕੰਮ ਕਰਨ | ਇਸ ਦੇ ਨਾਲ ਹੀ ਉਨ੍ਹਾਂ ਨਾਜਾਇਜ ਮਾਈਨਿੰਗ ਕਰਨ ਵਾਲੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੀ ਬਣਦੀ ਰੋਆਲਿਟੀ ਦੀ ਚੋਰੀ ਮਾਈਨਿੰਗ ਵਿਭਾਗ ਵਲੋਂ ਕਤਈ ਬਰਦਾਸ਼ਤ ਨਹੀ ਕੀਤੀ ਜਾਵੇਗੀ |