ਕਾਨੂੰਨ ਦੇ ਬਾਵਜੂਦ ਸ਼ਹਿਰ 'ਚ ਤੰਬਾਕੂ ਮੁਕਤ ਨਹੀਂ ਹੋਈਆਂ ਤੰਬਾਕੂ ਯੁਕਤ ਬਣੀਆਂ ਜਨਤਕ ਥਾਵਾਂ
ਅਜੀਤ ਡੈਸਕ
29-04-2026
ਪਟਿਆਲਾ, 28 ਅਪ੍ਰੈਲ-ਤੰਬਾਕੂ ਅਤੇ ਸਿਗਰਟਨੋਸ਼ੀ ਦੇ ਸੇਵਨ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣ ਦੇ ਮੱਦੇਨਜ਼ਰ ਭਾਵੇ ਭਾਰਤ ਸਰਕਾਰ ਦੇ ਕਾਨੂੰਨਾਂ ਤਹਿਤ ਪੰਜਾਬ ਨੂੰ ਤੰਬਾਕੂ ਮੁਕਤ ਰਾਜ ਵੱਲ ਲਿਜਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜਨਤਕ ਥਾਵਾਂ 'ਤੇ ਤੰਬਾਕੂ ਦੀ ਵਿਕਰੀ ਅਤੇ ਸਿਗਰਟਨੋਸ਼ੀ ਦਾ ਅਮਲ ਦੇਖਣ ਨੂੰ ਆਮ ਮਿਲਦਾ ਹੈ | ਇਸ ਸਭ ਦੇ ਬਾਵਜੂਦ ਸਿਹਤ ਵਿਭਾਗ ਦੀ ਇਸ ਵਰਤਾਰੇ ਨੂੰ ਠੱਲ੍ਹਣ ਦੀ ਕੁਝ ਕਾਰਵਾਈ ਭਾਵੇ ਨਜ਼ਰ ਆਉਂਦੀ ਹੈ ਪਰ ਨਾਜਾਇਜ਼ ਖੋਖਿਆਂ ਨੂੰ ਹਟਾਉਣ ਲਈ ਨਗਰ ਨਿਗਮ ਦੀ ਕਾਰਵਾਈ ਨਾ ਬਰਾਬਰ ਹੀ ਹੈ | ਇਸ ਦੇ ਮਾਰੂ ਪ੍ਰਭਾਵ ਕਾਰਨ ਕੈਂਸਰ, ਦਿਲ ਦੇ ਰੋਗ ਅਤੇ ਸਾਹ ਦੀ ਸਮੱਸਿਆ ਵਰਗੀਆਂ ਅਲਾਮਤਾਂ ਦੇ ਬਾਵਜੂਦ ਇਸ ਦੀ ਵਰਤੋਂ ਨੂੰ ਘਟਾਉਣ ਲਈ ਨਿਯਮਾਂ ਤਹਿਤ ਇਸ਼ਤਿਹਾਰਬਾਜ਼ੀ ਤੇ ਪ੍ਰੇਰਨਾ ਲਈ ਪ੍ਰੋਗਰਾਮਾਂ ਦੀ ਵੱਡੀ ਘਾਟ ਬਣੀ ਹੋਈ ਹੈ | ਇਸ ਵਿਰੁੱਧ ਬਣੇ ਕਾਨੂੰਨ 'ਤੇ ਨਜ਼ਰ ਮਾਰੀਏ ਤਾਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਨਿੰਯਤਰਣ ਕਾਨੂੰਨ 2003 (ਕੋਟਪਾ) ਤਹਿਤ ਧਾਰਾ 4 ਤਹਿਤ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਦੀ ਪੂਰੀ ਤਰ੍ਹਾਂ ਮਨਾਹੀ ਹੈ ਅਤੇ ਸਿੱਖਿਆ ਤੇ ਸਰਕਾਰੀ ਅਦਾਰਿਆਂ ਤੋਂ 100 ਗਜ ਦੇ ਘੇਰੇ ਅੰਦਰ ਵੇਚਣ ਦੀ ਮਨਾਈ ਹੈ | ਕਾਨੂੰਨ ਮੁਤਾਬਿਕ ਖ਼ਾਸ ਕਰਕੇ ਸਕੂਲਾਂ ਕਾਲਜਾਂ ਹਸਪਤਾਲਾਂ ਬੱਸ ਅੱਡਿਆਂ ਅਤੇ ਬਾਜ਼ਾਰਾਂ ਵਿਚ ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ 'ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਕਈ ਸਕੂਲਾਂ ਕਾਲਜਾਂ ਹਸਪਤਾਲਾਂ ਦੇ ਮੁੱਖ ਦਰਵਾਜ਼ਿਆਂ 'ਤੇ ਨੇੜੇ ਇਸ ਦੀ ਵਿਕਰੀ ਖੋਖਿਆਂ 'ਤੇ ਸ਼ਰੇਆਮ ਹੋ ਰਹੀ ਹੈ | ਇਸ ਦੀ ਸਭ ਤੋਂ ਵੱਡੀ ਉਦਾਹਰਨ ਏਸ਼ੀਆ ਦੇ ਨਾਮੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਾਲ ਖੋਖਿਆਂ 'ਤੇ ਤੰਬਾਕੂ ਅਤੇ ਸਿਗਰਟ ਦੀ ਵਿਕਰੀ ਤੋਂ ਸਹਿਜੇ ਹੀ ਮਿਲ ਜਾਂਦੀ ਹੈ | ਇਸੇ ਤਰ੍ਹਾਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਨਜ਼ਦੀਕ ਵੀ ਅਜਿਹੇ ਖੋਖੇ ਲੱਗੇ ਹੋਏ ਹਨ | ਸ਼ਹਿਰ ਦੇ ਨਾਮੀ ਸਕੂਲ ਵਾਈ.ਪੀ.ਐੱਸ., ਮੋਦੀ ਕਾਲਜ, ਹਸਪਤਾਲ ਅਤੇ ਬੱਸ ਅੱਡਿਆਂ ਦੇ ਨੇੜੇ ਸਿਗਰਟ ਅਤੇ ਤੰਬਾਕੂ ਦੀ ਵਿਕਰੀ ਤੇ ਸੇਵਨ ਆਮ ਕੀਤਾ ਜਾ ਰਿਹਾ ਹੈ | ਇਸ ਅਮਲ ਕਾਰਨ ਬਹੁਤ ਸਾਰੇ ਘੱਟ ਉਮਰ ਦੇ ਨੌਜਵਾਨ ਸ਼ਰੇਆਮ ਤੰਬਾਕੂ ਤੇ ਸਿਗਰਟਨੋਸ਼ੀ ਦੀ ਹੋ ਰਹੀ ਵਰਤੋਂ ਤੋਂ ਪ੍ਰਭਾਵਿਤ ਹੋ ਰਹੇ ਹਨ ਜੋ ਕਿ ਨਵੀਂ ਪੀੜੀ ਲਈ ਬੇਹਦ ਘਾਤਕ ਸਾਬਤ ਹੋਵੇਗਾ | ਇਸ ਸੰਬੰਧੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾ ਰਹੀ ਹੈ | ਇਸੇ ਸੰਬੰਧੀ ਲਾਲੀ ਤੇ ਹਰਿਆਲੀ ਸੰਸਥਾ ਦੇ ਸੰਚਾਲਕ ਹਰਦੀਪ ਸਿੰਘ ਨੇ ਵੀ ਪਿਛਲੇ ਦਿਨ ਇਸ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਭ ਦੇ ਬਾਵਜੂਦ ਅਜੇ ਤੱਕ ਕੋਈ ਵੀ ਇਸ ਗੰਭੀਰ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲੈ ਰਿਹਾ | ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਅੱਗੇ ਪੰਜਾਬ ਪੱਧਰ 'ਤੇ ਵੀ ਚੁੱਕਣਗੇ | ਇਸ ਸੰਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਪਰਮਜੀਤ ਸਿੰਘ ਨਾਲ ਵਾਰ-ਵਾਰ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ |