ਉੱਤਰੀ ਭਾਰਤ ਦਾ ਇਕ ਨੰਬਰ 'ਤੇ ਆਇਆ ਸ਼ਹਿਰ ਮੌਜੂਦਾ ਵਿਧਾਇਕਾ ਨੇ 566 ਨੰਬਰ 'ਤੇ ਪਹੁੰਚਾਇਆ-ਹਰਦਿਆਲ ਕੰਬੋਜ
ਅਜੀਤ ਡੈਸਕ
29-04-2026
ਰਾਜਪੁਰਾ, 28 ਅਪ੍ਰੈਲ (ਜੀ.ਪੀ. ਸਿੰਘ)-ਜਿੱਥੇ ਰਾਜਪੁਰਾ ਹਲਕੇ ਦੀ ਮੌਜੂਦਾ ਵਿਧਾਇਕਾ ਸ਼ਹਿਰ 'ਚ ਕਰਵਾਏ ਵਿਕਾਸ ਦਾ ਗੁਣਗਾਣ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਮਾਜਰਾ ਕੁਝ ਹੋਰ ਹੀ ਹੈ | ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਤੇ ਸ਼ਹਿਰ ਵਿਚ ਥਾਂ-ਥਾਂ 'ਤੇ ਲੱਗੇ ਹੋਏ ਢੇਰ ਤੇ ਉਨ੍ਹਾਂ ਤੋਂ ਉੱਡਦੀ ਬਦਬੂ, ਮੱਖੀਆਂ, ਮੱਛਰਾਂ ਤੋਂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ ਹਨ | ਜਿਸ ਨੂੰ ਲੈ ਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅੱਜ ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 9 'ਚ ਨਵੀਂ ਅਨਾਜ ਮੰਡੀ ਨੂੰ ਜਾਂਦੀ ਸੜਕ 'ਤੇ ਕਰੀਬ ਇਕ ਏਕੜ 'ਚ ਲੱਗੇ ਕੂੜੇ ਦੇ ਢੇਰਾਂ 'ਤੇ ਪੁੱਜੇ | ਇਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਵਿਚ ਭਾਜਪਾ ਸਰਕਾਰ ਦੇ ਹੁੰਦਿਆਂ ਪੰਜਾਬ ਵਿਚ ਲੰਘੀ ਕਾਂਗਰਸ ਸਰਕਾਰ ਦੇ ਸਮੇਂ ਰਾਜਪੁਰਾ ਸ਼ਹਿਰ ਨੂੰ ਉੱਤਰੀ ਭਾਰਤ ਦਾ ਸਭ ਤੋਂ ਖੂਬਸੂਰਤ ਸ਼ਹਿਰ ਐਲਾਨਿਆ ਗਿਆ ਸੀ ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਭਾਰਤ ਦੇ ਰਾਸ਼ਟਰਪਤੀ ਤੋਂ ਪੁਰਸਕਾਰ ਲੈ ਕੇ ਆਏ ਸਨ | ਪਰ ਮੌਜੂਦਾ ਵਿਧਾਇਕਾ ਦੇ ਸਮੇਂ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਕਿ ਸ਼ਹਿਰ ਇਕ ਨੰਬਰ ਤੋਂ 566ਵੇਂ ਨੰਬਰ 'ਤੇ ਪੁੱਜ ਗਿਆ ਹੈ ਤੇ ਸਰਕਾਰ ਨੇ ਰਾਜਪੁਰਾ ਨਗਰ ਕੌਂਸਲ 'ਤੇ 3 ਲੱਖ ਰੁਪਏ ਜੁਰਮਾਨਾ ਲਗਾਇਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਮਨ ਕਾਨੂੰਨ ਦਾ ਬੁਰਾ ਹਾਲ ਹੈ ਤੇ ਰੋਜ਼ਾਨਾ ਲੁੱਟਾਂ, ਖੋਹਾਂ, ਚੋਰੀਆਂ ਹੋ ਰਹੀਆਂ ਹਨ ਤੇ ਪੁਲਿਸ ਹੱਥ ਤੇ ਹੱਥ ਰੱਖ ਕੇ ਬੈਠੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਹੋਣ ਵਾਲੀਆਂ ਆਗਾਮੀ ਨਗਰ ਕੌਂਸਲ ਚੋਣਾਂ 'ਚ ਲੋਕ ਮੋਜੂਦਾ ਵਿਧਾਇਕਾ ਤੋਂ ਇਹ ਸਭਦਾ ਜਵਾਬ ਮੰਗਣਗੇ | ਇਸ ਮੋਕੇ ਗੁਰਪ੍ਰੀਤ ਸਿੰਘ ਜੰਡੋਲੀ, ਪ੍ਰਮੋਦ ਬੱਬਰ, ਰਣਬੀਰ ਸਿੰਘ ਭੰਗੂ, ਮਲਕੀਤ ਸਿੰਘ ਉਪੱਲਹੇੜੀ, ਗੁਰਿੰਦਰ ਸਿੰਘ ਗੁਰੀ, ਜਗਵਿੰਦਰ ਕੁਮਾਰ ਜੱਗਾ ਕੋਟਲਾ ਸਮੇਤ ਹੋਰ ਮੌਜੂਦ ਸਨ |