ਪਟਿਆਲਾ, 28 ਅਪ੍ਰੈਲ (ਅ.ਸ. ਆਹਲੂਵਾਲੀਆ)-ਸ਼ਾਹੀ ਸ਼ਹਿਰ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਮੇਅਰ ਕੁੰਦਨ ਗੋਗੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਨਿਗਮ ਦੀ ਸਿਹਤ ਸ਼ਾਖਾ ਵਲੋਂ ਪਲਾਸਟਿਕ ਦੇ ਕੈਰੀ ਬੈਗਾਂ ਵਿਰੁੱਧ ਵਿਸ਼ੇਸ਼ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ | ਇਸੇ ਕੜੀ ਤਹਿਤ ਅੱਜ ਨਗਰ ਨਿਗਮ ਦੀ ਟੀਮ ਨੇ ਸ਼ਹਿਰ ਦੇ ਵੀ.ਆਈ.ਪੀ. ਇਲਾਕੇ ਭੁਪਿੰਦਰਾ ਰੋਡ ਵਿਖੇ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਪਲਾਸਟਿਕ ਕੈਰੀ ਬੈਗ ਵਰਤਣ ਵਾਲਿਆਂ ਦੇ ਮੌਕੇ 'ਤੇ ਚਲਾਨ ਕੱਟੇ | ਇਸ ਕਾਰਵਾਈ ਦੀ ਅਗਵਾਈ ਸੈਨਟਰੀ ਇੰਸਪੈਕਟਰ ਮੋਹਿਤ ਜਿੰਦਲ ਅਤੇ ਸੈਨਟਰੀ ਇੰਸਪੈਕਟਰ ਰਾਜੇਸ਼ ਕੁਮਾਰ ਮੱਟੂ ਨੇ ਕੀਤੀ | ਟੀਮ ਵਲੋਂ ਭੁਪਿੰਦਰਾ ਰੋਡ 'ਤੇ ਸਥਿਤ ਵੱਖ-ਵੱਖ ਖਾਣ-ਪੀਣ ਦੀਆਂ ਦੁਕਾਨਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਦੀ ਅਚਨਚੇਤ ਜਾਂਚ ਕੀਤੀ ਗਈ | ਜਾਂਚ ਦੌਰਾਨ ਜਿਨ੍ਹਾਂ ਥਾਵਾਂ 'ਤੇ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਮਿਲੇ, ਜਿਨ੍ਹਾਂ ਵਿਚ 10 ਤੋਂ ਵੱਧ ਚਲਾਨ ਕੱਟੇ ਗਏ ਅਤੇ ਭਾਰੀ ਮਾਤਰਾ ਵਿਚ ਪਲਾਸਟਿਕ ਜ਼ਬਤ ਕੀਤਾ ਗਿਆ | ਇਸ ਮੌਕੇ ਸੈਨਟਰੀ ਇੰਸਪੈਕਟਰ ਮੋਹਿਤ ਜਿੰਦਲ ਅਤੇ ਰਾਜੇਸ਼ ਕੁਮਾਰ ਮੱਟੂ ਨੇ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬਿਲਕੁਲ ਨਾ ਕਰਨ | ਉਨ੍ਹਾਂ ਕਿਹਾ ਕਿ ਪਲਾਸਟਿਕ ਨਾ ਸਿਰਫ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਸੀਵਰੇਜ ਦੇ ਜਾਮ ਹੋਣ ਦਾ ਵੀ ਮੁੱਖ ਕਾਰਨ ਬਣਦਾ ਹੈ | ਉਨ੍ਹਾਂ ਲੋਕਾਂ ਨੂੰ ਘਰੋਂ ਕੱਪੜੇ ਦੇ ਥੈਲੇ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ | ਮੇਅਰ ਕੁੰਦਨ ਗੋਗੀਆ ਨੇ ਵੀ ਇਸ ਸੰਬੰਧ ਵਿਚ ਸਪਸ਼ਟ ਕੀਤਾ ਹੈ ਕਿ ਸ਼ਹਿਰ ਨੂੰ 'ਪਲਾਸਟਿਕ ਮੁਕਤ ਪਟਿਆਲਾ' ਬਣਾਉਣਾ ਉਨ੍ਹਾਂ ਦਾ ਮੁੱਖ ਟੀਚਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਹੋਰਨਾਂ ਬਾਜ਼ਾਰਾਂ ਵਿਚ ਵੀ ਇਹ ਚੈਕਿੰਗ ਮੁਹਿੰਮ ਜਾਰੀ ਰਹੇਗੀ | ਮੇਅਰ ਨੇ ਚੇਤਾਵਨੀ ਦਿੱਤੀ ਕਿ ਜੋ ਵੀ ਦੁਕਾਨਦਾਰ ਜਾਂ ਰੇਹੜੀ-ਫੜ੍ਹੀ ਵਾਲਾ ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫ਼ਾਫ਼ੇ ਵਰਤੇਗਾ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |