ਬੀਤੇ 5 ਸਾਲਾਂ ਤੋਂ ਵਿਕਾਸ ਕਾਰਜਾਂ ਨੂੰ ਤਰਸ ਰਿਹੈ ਪਾਤੜਾਂ ਦਾ ਵਾਰਡ ਨੰਬਰ ਇਕ
ਅਜੀਤ ਡੈਸਕ
03-05-2026
ਪਾਤੜਾਂ, 2 ਮਈ -ਪਟਿਆਲਾ ਤੋਂ ਪਾਤੜਾ ਆਉਂਦਿਆਂ ਸ਼ਹਿਰ ਵਿਚ ਦਾਖਲ ਹੁੰਦਿਆਂ ਸ਼ੁਰੂ ਹੁੰਦਾ ਵਾਰਡ ਨੰਬਰ-1 ਨਵ ਵਿਕਸਤ ਇਲਾਕਾ ਹੈ ਇਸ ਕਰਕੇ ਇੱਥੇ ਨਵੇਂ ਬਣਦੇ ਮਹੱਲਿਆਂ 'ਚ ਗਲੀਆਂ ਪੱਕੇ ਕਰਨ ਅਤੇ ਪੀਣ ਵਾਲਾ ਪਾਣੀ ਅਤੇ ਸੀਵਰੇਜ ਲਾਇਨਾਂ ਵਿਛਾਏ ਜਾਣ ਦੀ ਜਰੂਰਤ ਹਮੇਸ਼ਾ ਬਣੀ ਰਹਿੰਦੀ ਹੈ | ਸ਼ਹੀਦ ਊਧਮ ਸਿੰਘ ਚੱਕ ਸੰਗਰੂਰ ਰੋਡ ਕੈਂਚੀਆਂ ਤੋਂ ਸ਼ਹਿਰ ਵਾਲੇ ਪਾਸੇ ਤੋਂ ਸ਼ੁਰੂ ਹੁੰਦੇ ਅਤੇ ਪਿੰਡ ਨਿਆਲ ਦੇ ਰਕਬੇ ਵਿਚ ਵਸੇ ਹੋਏ ਇਸ ਵਾਰਡ ਦੀ ਮੁੱਖ ਗਲੀ ਘੱਟ ਚੌੜੀ ਹੋਣ ਅਤੇ ਇਸ ਦੀ ਹਾਲਤ ਖਸਤਾ ਹੋਣ ਕਰਕੇ ਲੋਕਾਂ ਨੂੰ ਮਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਇਸ ਵਾਰਡ ਦੀ ਚੰਦਾਂ ਕਾਲੋਨੀ ਦੇ ਘਰਾਂ ਤੋਂ ਲੰਘਦੀ ਬਿਜਲੀ ਦੀ ਵੱਡੀ ਲਾਇਨ ਵਾਰਡ ਵਾਸੀਆਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ | ਇਸ ਵਾਰਡ ਦੇ ਨੇੜ੍ਹੇ ਪਾਤੜਾਂ ਇਲਾਕੇ ਦਾ ਸਰਕਾਰੀ ਕਿਰਤੀ ਕਾਲਜ ਜਿੱਥੇ ਇਸ ਵਾਰਡ ਦੇ ਬਿਲਕੁਲ ਨਾਲ ਲੱਗਦਾ ਹੈ ਉੱਥੇ ਯੂਨੀਵਰਸਲ ਕਾਲਜ ਅਤੇ ਆਈਟੀਆਈ ਵੀ ਇਸ ਵਾਰਡ ਵਿਚ ਹੈ | ਪਾਤੜਾਂ ਪਟਿਆਲਾ ਮੇਨ ਰੋਡ ਉੱਤੇ ਵੱਡੀਆਂ ਦੁਕਾਨਾਂ ਤੇ ਸੋਰਮ ਇਸ ਵਾਰਡ ਦੇ ਇਲਾਕੇ ਵਿਚ ਪੈਂਦੇ ਹਨ ਜਦੋਂ ਕਿ ਪਿੱਛੇ ਗਲੀਆਂ ਵਿਚ ਰਿਹਾਇਸ਼ੀ ਆਬਾਦੀ ਹੈ | ਵਾਰਡ ਨੰਬਰ ਇਕ ਦੇ ਜੈ ਪ੍ਰਕਾਸ਼ ਸਿੰਘ, ਫਤਿਹ ਸਿੰਘ, ਬਲਦੇਵ ਸਿੰਘ, ਮਲਕ ਸਿੰਘ, ਦਲਜੀਤ ਸਿੰਘ, ਜਗਜੀਤ ਸਿੰਘ, ਕੁਲਵੰਤ ਸਿੰਘ, ਬਲਜੀਤ ਕੌਰ, ਭੇਜੀ ਅਮਰਜੀਤ ਕੌਰ, ਸੁਰਜੀਤ ਕੌਰ, ਰਣਜੀਤ ਕੌਰ, ਬਿਮਲਾ ਰਾਣੀ ਅਤੇ ਕੁਲਜੀਤ ਕੌਰ ਨੇ ਦੱਸਿਆ ਕਿ ਵਾਰਡ ਦੀਆਂ ਵਾਰਡ ਦਾ ਕਾਫ਼ੀ ਹਿੱਸੇ ਦੀਆਂ ਗਲੀਆਂ ਨਾਲੀਆ ਸੀਮਿੰਟ ਨਾਲ ਬਣੀਆਂ ਹੋਈਆਂ ਹਨ ਪਰ ਵਾਰਡ ਵਿੱਚ ਨਵੇਂ ਆਬਾਦੀ ਵਾਲੇ ਇਲਾਕੇ ਦੀਆਂ ਗਲੀਆਂ ਨਾਲੀਆਂ ਹਾਲੇ ਤੱਕ ਕੱਚੀਆਂ ਪਈਆਂ ਹਨ | ਵਾਰਡ ਦਾ ਕਾਫੀ ਇਲਾਕਾ ਸੀਵਰੇਜ ਤੋਂ ਅਧੂਰਾ ਹੈ ਜਿੱਥੇ ਸੀਵਰੇਜ ਪੈ ਵੀ ਚੁੱਕਿਆ ਹੈ ਉਥੇ ਸੀਵਰੇਜ ਅਕਸਰ ਬੰਦ ਰਹਿੰਦਾ ਹੈ | ਨਵੀਂ ਆਬਾਦੀ ਵਾਲੀਆਂ ਗਲੀਆਂ ਕੱਚੀਆਂ ਹੋਣ ਅਤੇ ਸੀਵਰੇਜ ਨਾ ਹੋਣ ਕਰਕੇ ਵਾਰਡ ਵਿਚ ਸਫਾਈ ਦਾ ਹਾਲ ਮਾੜਾ ਹੈ | ਖਾਲੀ ਪਏ ਪਲਾਟਾਂ ਵਿੱਚ ਵੱਡੀ ਪੱਧਰ ਉਤੇ ਘਾਹ ਉਗਿਆ ਹੋਣ ਕਰਕੇ ਮੰਦਰਾਂ ਦੀ ਭਰਮਾਰ ਹੈ | ਸ਼ਹਿਤ ਵਿਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਚਲਦਿਆਂ ਸਟਰੀਟ ਲਾਈਟਾਂ ਦੀ ਬੇਹਦ ਜਰੂਰਤ ਹੈ ਪਰ ਇਸ ਵਾਰਡ ਵਿਚ ਸਟਰੀਟ ਲਾਈਟਾਂ ਦੀ ਘਾਟ ਕਰਕੇ ਬਹੁਤੇ ਇਲਾਕਿਆਂ ਵਿਚ ਹਨੇਰਾ ਛਾਇਆ ਰਹਿੰਦਾ ਹੈ | ਗਲੀਆਂ ਵਿਚ ਲੱਗੀਆਂ ਬਹੁਤੀਆਂ ਸਟਰੀਟ ਲਾਈਟਾਂ ਰਿਪੇਅਰ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਬੰਦ ਪਈਆਂ ਹਨ | ਸੀਵਰੇਜ ਦੀ ਘਾਟ ਕਰਕੇ ਬਾਰਿਸ਼ ਦੇ ਮੌਸਮ ਵਿਚ ਗਲੀਆਂ ਵਿਚ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ |