ਮੰਡੀ ਬੋਰਡ ਦੇ ਕੰਮਾਂ 'ਚ ਆਉਂਦੀ ਘਪਲੇ ਦੀ ਬੂ, ਘੜਾਮ ਨਵੀਨੀਕਰਨ ਸੜਕ ਜਾਂਚ ਦੀ ਉੱਠੀ ਮੰਗ
ਅਜੀਤ ਡੈਸਕ
03-05-2026
ਭੁੱਨਰਹੇੜੀ, 2 ਮਈ (ਧਨਵੰਤ ਸਿੰਘ)-ਇਤਿਹਾਸਕ ਪਿੰਡ ਘੜਾਮ ਨੂੰ ਭੁੱਨਰਹੇੜੀ ਨਾਲ ਜੋੜਦੀ ਸੰਪਰਕ ਸੜਕ ਦਾ ਨਵੀਨੀਕਰਨ ਉਦੋਂ ਵਿਵਾਦ 'ਚ ਆ ਗਿਆ | ਜਦੋਂ ਪੰਦਰਾਂ ਕੁ ਦਿਨ ਪਹਿਲਾਂ ਨਵੀਂ ਬਣੀ ਇਹ ਸੜਕ ਥਾਂ-ਥਾਂ ਤੋਂ ਉੱਖੜਨੀ ਸ਼ੁਰੂ ਹੋ ਗਈ, ਜਿਸ ਨੇ ਮੰਡੀ ਬੋਰਡ ਦੇ ਕੰਮਾਂ ਦੀ ਗੁਣਵੱਤਾ ਦੀ ਪੋਲ ਦਿੱਤੀ | ਵਿਕਾਸ ਪ੍ਰਾਜੈਕਟ ਸਵਾਲਾਂ ਦੇ ਘੇਰੇ ਵਿਚ ਆ ਰਹੇ ਹਨ | ਲੋਕ ਇਸ ਨੂੰ ਸਿੱਧੀ ਤੌਰ 'ਤੇ ਸਰਕਾਰੀ ਖਜਾਨੇ ਦੀ ਬਰਬਾਦੀ ਕਹਿੰਦੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਂ 'ਤੇ ਖਾਨਾਪੂਰਤੀ ਹੋ ਰਹੀ ਹੈ, ਜ਼ਮੀਨੀ ਪੱਧਰ 'ਤੇ ਕੰਮ ਦੀ ਬਜਾਏ ਕਾਗ਼ਜ਼ੀ ਕਾਰਵਾਈ ਕੀਤੀ ਜਾ ਰਹੀ ਹੈ | ਇਹ ਸੜਕ ਪਹਿਲਾਂ ਵੀ ਆਪਣੀ ਖਸਤਾ ਹਾਲਤ ਕਾਰਨ ਚਰਚਾ 'ਚ ਰਹੀ ਹੈ | ਜਿਸ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਵਲੋਂ ਮੰਡੀ ਬੋਰਡ ਖ਼ਿਲਾਫ਼ ਧਰਨੇ ਦਿੱਤੇ ਗਏ ਸਨ, ਲੰਮੇ ਸੰਘਰਸ਼ ਤੋਂ ਬਾਅਦ ਨਵੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ | ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਨਵਾਂ ਬਣਾਉਣ ਮੌਕੇ ਘਟੀਆ ਮਟੀਰੀਅਲ ਵਰਤਿਆ ਗਿਆ ਹੈ | ਜਿਸ ਕਾਰਨ ਸੜਕ ਦਾ ਬੇਸ ਕਮਜ਼ੋਰ ਬਣਿਆ ਅਤੇ ਥੋੜ੍ਹੇ ਸਮੇਂ 'ਚ ਹੀ ਸੜਕ ਟੁੱਟਣੀ ਸ਼ੁਰੂ ਹੋ ਗਈ | ਇਸ ਮਾਮਲੇ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਮਹਿਮੂਦਪੁਰ ਨੇ ਵੀ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਕਿਹਾ ਕਿ ਇਹ ਸਿਰਫ ਲਾਪਰਵਾਹੀ ਨਹੀਂ, ਸਗੋਂ ਸੰਭਾਵਿਤ ਘਪਲੇ ਦੀ ਨਿਸ਼ਾਨੀ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ | ਇਸ ਮੌਕਾ 'ਤੇ ਇਕੱਠੇ ਹੋਏ ਲੋਕ ਆਖ ਰਹੇ ਸਨ ਕਿ ਨਿਰਮਾਣ ਦੌਰਾਨ ਘਟੀਆ ਦਰਜੇ ਦੇ ਪੱਥਰ ਅਤੇ ਹੋਰ ਘਟੀਆ ਸਮਗਰੀ ਵਰਤੀ ਗਈ | ਇਸ ਨਾਲ ਨਾ ਸਿਰਫ ਸੜਕ ਦੀ ਉਮਰ ਘਟੀ ਹੈ, ਸਗੋਂ ਆਵਾਜਾਈ ਮੁੜ ਪ੍ਰਭਾਵਿਤ ਹੋਵੇਗੀ | ਜਨਤਾ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਮੰਗ ਸਿਰਫ ਇਕ ਸੜਕ ਤੱਕ ਸੀਮਿਤ ਨਹੀਂ, ਇਲਾਕੇ ਅੰਦਰ ਮੰਡੀ ਬੋਰਡ ਵਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਜਾਂਚ ਦੀ ਜ਼ਰੂਰਤ ਹੈ | ਪ੍ਰਧਾਨ ਮਹਿਮੂਦਪਰ ਨੇ ਚੌਕਸੀ ਵਿਭਾਗ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਮਟੀਰੀਅਲ ਦੀ ਗੁਣਵੱਤਾ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ | ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਅਤੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰੀ ਰਕਮ ਨੂੰ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ ਹੈ | ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਲਾਕੇ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਨਿਆਂ ਨਾ ਮਿਲਿਆ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |