ਭੁੱਨਰਹੇੜੀ, 4 ਮਈ (ਧਨਵੰਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਤਪਾਲ ਸਿੰਘ ਪੂੰਨੀਆਂ ਨੇ ਕਿਹਾ ਹੈ ਕਿ ਪਾਰਟੀ ਦੀ ਮਜ਼ਬੂਤ ਲੀਡਰਸ਼ਿਪ, ਦੂਰਅੰਦੇਸ਼ੀ ਸੋਚ ਅਤੇ ਵਰਕਰਾਂ ਦੀ ਅਥਾਹ ਮਿਹਨਤ ਦੇ ਨਤੀਜੇ ਵਜੋਂ ਦੇਸ ਭਰ ਵਿਚ ਭਾਜਪਾ ਦਾ ਆਧਾਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਵੀ ਪਾਰਟੀ ਸਰਕਾਰ ਬਣਾਉਣ ਵਿਚ ਕਾਮਯਾਬ ਰਹੇਗੀ | 'ਅਜੀਤ' ਨਾਲ ਗੱਲਬਾਤ ਕਰਦਿਆਂ ਪੂੰਨੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਵਰਗੇ ਮਹੱਤਵਪੂਰਨ ਸਿਆਸੀ ਮੈਦਾਨ ਵਿਚ ਆਪਣੀ ਪਕੜ ਮਜ਼ਬੂਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਹਰ ਕਿਸੇ ਚੁਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੀ ਹੈ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਖੇਤਰੀ ਪਾਰਟੀਆਂ ਦੇ ਪ੍ਰਭਾਵ ਹੇਠ ਰਹੇ ਸੂਬਿਆਂ ਵਿਚ ਵੀ ਹੁਣ ਲੋਕ ਬਦਲਾਅ ਵੱਲ ਵਧ ਰਹੇ ਹਨ ਅਤੇ ਭਾਜਪਾ ਨਾਲ ਜੁੜ ਰਹੇ ਹਨ | ਉਨ੍ਹਾਂ ਦੱਸਿਆ ਕਿ ਦੇਸ ਦੇ ਬਹੁਤ ਸਾਰੇ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਵਿਕਾਸਮੁਖੀ ਕੰਮ, ਪਾਰਦਰਸ਼ੀ ਪ੍ਰਸ਼ਾਸਨ ਅਤੇ ਲੋਕ-ਹਿਤ ਨੀਤੀਆਂ ਦੇ ਆਧਾਰ 'ਤੇ ਲੋਕਾਂ ਦਾ ਭਰੋਸਾ ਜਿੱਤ ਰਹੀਆਂ ਹਨ | ਇਸੇ ਕਾਰਨ ਕਈ ਸੂਬਿਆਂ ਵਿਚ ਪਾਰਟੀ ਮੁੜ ਸਰਕਾਰਾਂ ਬਣਾਉਣ ਵਿਚ ਸਫਲ ਹੋ ਰਹੀ ਹੈ | ਪੂੰਨੀਆ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸਿੱਧਾ ਲਾਭ ਆਮ ਜਨਤਾ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਪਾਰਟੀ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ ਅਤੇ ਦੇਸ ਭਰ ਵਿਚ ਭਾਜਪਾ ਦਾ ਗਰਾਫ਼ ਉੱਚਾ ਚੜ੍ਹ ਰਿਹਾ ਹੈ | ਪੰਜਾਬ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਤਾਲਮੇਲ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕਾ ਸਨੌਰ ਅੰਦਰ ਵੀ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਵੀ ਭਾਜਪਾ ਇਕ ਮਜ਼ਬੂਤ ਵਿਕਲਪ ਵਜੋਂ ਉੱਭਰੇਗੀ ਅਤੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਬਣਾਉਣ 'ਚ ਸਫਲ ਕਰੇਗੀ |