14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਰਾਜਿੰਦਰਾ ਹਸਪਤਾਲ ਦੇ ਮੁੱਖ ਗੇਟ 'ਤੇ ਲੱਗੀਆਂ ਟ੍ਰੈਫ਼ਿਕ ਬੱਤੀਆਂ ਸਵਾਲਾਂ ਦੇ ਘੇਰੇ 'ਚ

Ad Position 21
No active advertisement
ਅਜੀਤ ਡੈਸਕ 06-05-2026
ਪਟਿਆਲਾ, 5 ਮਈ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਨਾਮੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੁੱਖ ਗੇਟ ਮੂਹਰੇ ਲੱਗੀਆਂ ਟਰੈਫ਼ਿਕ ਬੱਤੀਆਂ ਜਨਤਾ ਨੂੰ ਸਹੂਲਤ ਦੇਣ ਦੀ ਥਾਂ ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਨਜ਼ਰ ਆ ਰਹੀਆਂ ਹਨ | ਇਹ ਬੱਤੀਆਂ ਜੋ ਕਿ ਸਮਾਣਾ, ਸੰਗਰੂਰ ਤੋਂ ਪਟਿਆਲਾ ਵੱਲ ਨੂੰ ਆਉਂਦੇ ਰਾਹਗੀਰਾਂ ਨੂੰ ਰਾਜਿੰਦਰਾ ਹਸਪਤਾਲ ਦੇ ਸਾਹਮਣੇ ਰੋਕ ਕੇ ਹਸਪਤਾਲ ਨੂੰ ਜਾਂਦੀਆਂ ਮਰੀਜ਼ਾਂ ਜਾਂ ਐਂਬੂਲੈਂਸਾਂ ਲਈ ਲਗਾਈਆਂ ਗਈਆਂ ਸਨ ਉਹ ਉਲਟਾ ਰਾਜਿੰਦਰਾ ਹਸਪਤਾਲ ਤੋਂ ਨਿਕਲਣ ਅਤੇ ਆਉਣ ਵਾਲੇ ਲੋਕਾਂ ਲਈ ਜਾਮ ਦਾ ਕਾਰਨ ਬਣ ਰਹੀਆਂ ਹਨ | ਐਮਰਜੈਂਸੀ ਹਾਲਾਤਾਂ 'ਚ ਜਿੱਥੇ ਮਰੀਜ਼ ਕੋਲ ਕੁੱਝ ਹੀ ਸਮਾਂ ਇਲਾਜ ਕਰਵਾਉਣ ਲਈ ਬਾਕੀ ਹੁੰਦਾ ਹੈ ਉੱਥੇ ਹੀ ਰਾਜਿੰਦਰਾ ਹਸਪਤਾਲ ਦੇ ਮੁੱਖ ਗੇਟ 'ਤੇ ਪਟਿਆਲਾ ਤੋਂ ਹਸਪਤਾਲ ਨੂੰ ਜਾਂਦੇ ਹੋਏ ਐਂਬੂਲੈਂਸਾਂ ਅਤੇ ਵੱਡੀ ਗਿਣਤੀ ਵਾਹਨਾਂ ਦਾ ਬੱਤੀਆਂ ਕਾਰਨ ਜਾਮ 'ਚ ਫਸੇ ਹੋਣਾ ਆਮ ਦੇਖਣ ਨੂੰ ਮਿਲਦਾ ਹੈ | ਦੂਜੇ ਪਾਸੇ ਰਾਜਿੰਦਰਾ ਹਸਪਤਾਲ ਤੋਂ ਜੇਕਰ ਕਿਸੇ ਮਰੀਜ਼ ਨੂੰ ਟੈੱਸਟ ਕਰਵਾਉਣ ਲਈ ਜਾਂ ਕਿਸੇ ਹੋਰ ਹਸਪਤਾਲ ਸ਼ਿਫ਼ਟ ਕਰਨ ਲਈ ਭੇਜਿਆ ਜਾਂਦਾ ਹੈ ਤਾਂ ਪਟਿਆਲਾ ਤੋਂ ਜਾਣ ਲੱਗਿਆਂ ਰਾਜਿੰਦਰਾ ਹਸਪਤਾਲ ਦੇ ਗੇਟ 'ਤੇ ਹੀ ਆਟੋ ਰਿਕਸ਼ਿਆਂ ਦੀ ਭਰਮਾਰ ਹੁੰਦੀ ਹੈ ਅਤੇ ਦੂਜੇ ਪਾਸੇ ਸੰਗਰੂਰ ਤੋਂ ਆਉਣ ਵਾਲੇ ਲੋਕਾਂ ਤੇ ਸਮਾਣਾ ਚੁੰਗੀ ਤੋਂ ਪਟਿਆਲਾ ਵੱਲ ਨੂੰ ਮੁੜਨ ਅਤੇ ਡੈਂਟਲ ਅਤੇ ਮੈਡੀਕਲ ਕਾਲਜ ਤੋਂ ਆਉਂਦੇ ਵਿਦਿਆਰਥੀਆਂ ਕਾਰਨ ਇਹ ਜਾਮ ਹੋਰ ਵਧ ਜਾਂਦਾ ਹੈ | ਇਸੇ ਕੜੀ 'ਚ ਹੋਰ ਵਾਧਾ ਕਰਦਿਆਂ ਪੰਜਾਬ ਪੁਲਿਸ ਦਾ ਨਾਕਾ ਬੱਤੀਆਂ ਟੱਪਣ ਵਾਲਿਆਂ ਦੀ ਸੇਵਾ ਵਿਚ ਚਲਾਨ ਕੱਟਣ ਲਈ ਹਾਜ਼ਰ ਹੁੰਦਾ ਹੈ | ਮਜਬੂਰ ਵਿਅਕਤੀ ਜੇਕਰ ਗ਼ਲਤੀ ਨਾਲ ਸੰਗਰੂਰ ਤੋਂ ਆਉਂਦੀ ਐਂਬੂਲੈਂਸ ਨੂੰ ਹਸਪਤਾਲ ਅੰਦਰ ਜਾਣ ਲਈ ਰਸਤਾ ਦੇਣ ਲਈ ਬੱਤੀਆਂ ਪਾਰ ਕਰਨ ਨੂੰ ਮਜਬੂਰ ਹੁੰਦਾ ਹੈ ਤਾਂ ਅੱਗੇ ਪੰਜਾਬ ਪੁਲਿਸ ਤੋਂ ਚਲਾਨ ਦੇ ਡਰ ਕਾਰਨ ਐਂਬੂਲੈਂਸ ਨੂੰ ਰਸਤਾ ਦੇਣਾ ਜ਼ਰੂਰੀ ਨਹੀਂ ਸਮਝਦਾ | ਵੱਖ-ਵੱਖ ਮਰੀਜ਼ਾਂ ਅਤੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਿਸੇ ਕਿਸਮ ਦੇ ਟੈੱਸਟ ਕਰਵਾਉਣ ਲਈ ਹਸਪਤਾਲ ਵਲੋਂ ਅੰਡਰਗਰਾਊਾਡ ਰਸਤਾ ਬੰਦ ਕਰ ਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਚੱਲਦੀ ਟਰੈਫ਼ਿਕ 'ਚ ਰਸਤਾ ਪਾਰ ਕਰਨ ਨੂੰ ਮਜਬੂਰ ਕੀਤਾ ਗਿਆ ਹੈ | ਦੂਜੇ ਪਾਸੇ ਬੱਤੀਆਂ ਲੱਗਣ ਕਾਰਨ ਬੇਸ਼ੱਕ ਉਨ੍ਹਾਂ ਨੂੰ ਰਸਤਾ ਪਾਰ ਕਰਨ ਵਿਚ ਸੁਖਾਲਾ ਮਹਿਸੂਸ ਹੁੰਦਾ ਹੋਵੇ ਪਰ ਬਹੁਤੇ ਲੋਕ ਇਨ੍ਹਾਂ ਬੱਤੀਆਂ 'ਤੇ ਕਾਹਲੀ ਕਾਰਨ ਵਾਹਨ ਰੋਕਣਾ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਪੁਲਿਸ ਦਾ ਨਾਕਾ ਸਵੇਰੇ ਕੁੱਝ ਸਮਾਂ ਲੱਗਣ ਤੋਂ ਬਾਅਦ ਵੇਖਣ ਨੂੰ ਨਹੀਂ ਮਿਲਦਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਤਿੰਨ ਰਾਜਾਂ 'ਚ ਸ਼ਾਨਦਾਰ ਜਿੱਤ ਦਾ ਸਨੌਰ ਵਿਖੇ ਜਸ਼ਨ, ਢੋਲ ਦੀ ਥਾਪ 'ਤੇ ਪਾਏ ਭੰਗੜੇ ਅਗਲੀ ਖ਼ਬਰ ਕੇਰਲਾ ਜਿੱਤ ਦੀ ਖ਼ੁਸ਼ੀ 'ਚ ਸਾਬਕਾ ਮੰਤਰੀ ਧਰਮਸੋਤ ਦੀ ਅਗਵਾਈ 'ਚ ਲੱਡੂ ਵੰਡੇ
Ad Position 24