ਪਟਿਆਲਾ, 5 ਮਈ (ਮਨਦੀਪ ਸਿੰਘ ਖਰੌੜ)-ਸ਼ਹਿਰ ਦੀ ਸਫ਼ਾਈ ਅਤੇ ਹਰਿਆਵਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵਲੋਂ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ | ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਓਪਰੇਸ਼ਨ ਐਂਡ ਮੇਨਟੇਨੈਂਸ ਅਤੇ ਬਾਗ਼ਬਾਨੀ ਵਿਭਾਗ ਨੂੰ ਨਵੇਂ ਟਰੈਕਟਰ ਸੌਂਪੇ ਗਏ | ਇਸ ਮੌਕੇ ਮੇਅਰ ਨੇ ਕਿਹਾ ਕਿ ਇਹ ਟਰੈਕਟਰ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਾਲ-ਨਾਲ ਹਰੇ-ਭਰੇ ਮਾਹੌਲ ਨੂੰ ਸੰਭਾਲਣ ਵਿਚ ਵੀ ਮਦਦਗਾਰ ਸਾਬਤ ਹੋਣਗੇ | ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਨਵੀਂ ਮਸ਼ੀਨਰੀ ਦੇ ਸ਼ਾਮਲ ਹੋਣ ਨਾਲ ਕੰਮ ਦੀ ਗਤੀ ਤੇ ਗੁਣਵੱਤਾ ਦੋਹਾਂ ਵਿਚ ਸੁਧਾਰ ਆਵੇਗਾ | ਖ਼ਾਸ ਕਰਕੇ ਬਾਗ਼ਬਾਨੀ ਵਿਭਾਗ ਨੂੰ ਇਹ ਟਰੈਕਟਰ ਪਾਰਕਾਂ, ਗਰੀਨ ਬੈਲਟ ਅਤੇ ਹੋਰ ਹਰੇ ਭਾਗਾਂ ਦੀ ਸੰਭਾਲ ਵਿਚ ਵੱਡੀ ਸਹਾਇਤਾ ਦੇਣਗੇ | ਇਸ ਮੌਕੇ ਸਮੂਹ ਸਟਾਫ਼ ਨੇ ਮੇਅਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਨਵੇਂ ਟਰੈਕਟਰ ਮੈਦਾਨੀ ਪੱਧਰ 'ਤੇ ਕੰਮ ਕਰ ਰਹੇ ਕਰਮਚਾਰੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਣਗੇ | ਉਨ੍ਹਾਂ ਕਿਹਾ ਕਿ ਇਸ ਨਾਲ ਸਫ਼ਾਈ ਮੁਹਿੰਮ ਨੂੰ ਹੋਰ ਤੇਜ਼ੀ ਮਿਲੇਗੀ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇਗਾ | ਇਸ ਦੌਰਾਨ ਐਸ.ਡੀ.ਓ. ਅਮਰਿੰਦਰ ਅਤੇ ਐਸਡੀਓ ਮਨੀਸ਼, ਸਾਹਿਲ, ਦਲਬੀਰ ਅਤੇ ਨਗਰ ਨਿਗਮ ਦਾ ਹੋਰ ਸਟਾਫ਼ ਵੀ ਮੌਜੂਦ ਰਿਹਾ |