ਪਟਿਆਲਾ, 5 ਮਈ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਪਟਿਆਲਾ ਅਤੇ ਜਾਟਵ ਸਮਾਜ ਵਲੋਂ ਧਰਮਸ਼ਾਲਾ ਨਿਰਮਾਣ ਲਈ ਦਿੱਤੀ ਗਈ ਅਰਜ਼ੀ ਨੂੰ ਤੁਰੰਤ ਸਵੀਕਾਰ ਕਰਦਿਆਂ ਢਾਈ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਕਮੇਟੀ ਅਤੇ ਸਮਾਜ ਦੇ ਪ੍ਰਤੀਨਿਧੀਆਂ ਵਲੋਂ ਚੇਅਰਮੈਨ ਮਹਿਤਾ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ | ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ ''ਮਨ ਚੰਗਾ ਤਾਂ ਕਠੌਤੀ ਵਿਚ ਗੰਗਾ'' ਅਤੇ ਸਮਾਨਤਾ ਦੇ ਉਪਦੇਸ਼ਾਂ ਤੋਂ ਪ੍ਰੇਰਿਤ ਹੋ ਕੇ ਕਮੇਟੀ ਪਿਛਲੇ ਕਈ ਸਾਲਾਂ ਤੋਂ ਜਾਟਵ ਸਮਾਜ ਦੇ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਕਾਰਜ ਸੁਚੱਜੇ ਢੰਗ ਨਾਲ ਕਰਵਾ ਰਹੀ ਹੈ | ਸਮਾਜ ਦੇ ਸਾਂਝੇ ਸਮਾਗਮਾਂ ਅਤੇ ਹੋਰ ਗਤੀਵਿਧੀਆਂ ਲਈ ਇਕ ਸਥਾਈ ਧਰਮਸ਼ਾਲਾ ਦੀ ਲੋੜ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ | ਕਮੇਟੀ ਵਲੋਂ ਦੱਸਿਆ ਗਿਆ ਕਿ ਧਰਮਸ਼ਾਲਾ ਲਈ ਸੈਫਾਬਾਦੀ ਗੇਟ ਕੋਲ ਜ਼ਮੀਨ ਉਪਲਬਧ ਹੈ ਪਰ ਨਿਰਮਾਣ ਲਈ ਆਰਥਿਕ ਸਰੋਤਾਂ ਦੀ ਘਾਟ ਹੈ | ਧਰਮਸ਼ਾਲਾ ਦੇ ਨਿਰਮਾਣ ਨਾਲ ਸਮਾਜ ਦੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਲਈ ਉਚਿੱਤ ਥਾਂ ਮੁਹੱਈਆ ਹੋਵੇਗੀ | ਇਸ ਨਾਲ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤੀ ਮਿਲੇਗੀ | ਚੇਅਰਮੈਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਮਾਜ ਸੇਵੀ ਉਪਰਾਲਿਆਂ ਲਈ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਧਰਮਸ਼ਾਲਾ ਦੇ ਨਿਰਮਾਣ ਨੂੰ ਜਲਦ ਪੂਰਾ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ | ਇਸ ਮੌਕੇ ਸੰਨੀ ਹਿੰਗੋਨਾ, ਅਮਨ ਜੌਲੀ, ਦਵਿੰਦਰ ਮੱਟੂ, ਕੁਲਦੀਪ ਖੰਡੋਲੀ, ਗਿਰਧਾਰੀ ਲਾਲ, ਬਬਲਾ, ਸਿਕੰਦਰ, ਪਵਨ, ਸੁਨੀਲ, ਹੇਮਰਾਜ, ਰਾਹੁਲ, ਬੰਟੀ ਅਤੇ ਚਿਰਾਗ਼ ਸਮੇਤ ਪਟਿਆਲਾ ਜਾਟਵ ਸਮਾਜ ਦੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ | ਉਨ੍ਹਾਂ ਚੇਅਰਮੈਨ ਤੇਜਿੰਦਰ ਮਹਿਤਾ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਹੀ ਕਿ ਬਾਕੀ ਰਕਮ ਲਈ ਵੀ ਉਨ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ |