ਦੇਵੀਗੜ੍ਹ, 6 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਵਿਕਾਸ ਕਾਰਜਾਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਅਣਥੱਕ ਯਤਨਾਂ ਸਦਕਾ ਇਲਾਕੇ ਦੀਆਂ ਮੁੱਖ ਅਤੇ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ ਕਾਰਨ ਨਰਕ ਭਰੀ ਜ਼ਿੰਦਗੀ ਜੀਅ ਰਹੇ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਇਸ ਸੁਧਾਰ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ | ਦੱਸਣਯੋਗ ਹੈ ਕਿ ਹਲਕੇ ਦੀਆਂ ਕਈ ਮੁੱਖ ਸੜਕਾਂ ਪਿਛਲੇ ਕਈ ਸਾਲਾਂ ਤੋਂ ਬਦਹਾਲੀ ਦਾ ਸ਼ਿਕਾਰ ਸਨ, ਜਿਸ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ | ਰਣਜੋਧ ਸਿੰਘ ਹਡਾਣਾ ਨੇ ਨਿੱਜੀ ਦਿਲਚਸਪੀ ਲੈਂਦਿਆਂ ਸੰਬੰਧਤ ਵਿਭਾਗਾਂ ਅਤੇ ਸਰਕਾਰ ਕੋਲ ਇਨ੍ਹਾਂ ਸੜਕਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ | ਉਨ੍ਹਾਂ ਦੇ ਯਤਨਾਂ ਸਦਕਾ ਨਾ ਸਿਰਫ਼ ਫੰਡ ਜਾਰੀ ਹੋਏ, ਸਗੋਂ ਕੰਮ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਗਿਆ | ਹੁਣ ਸੜਕਾਂ ਬਣਨ ਨਾਲ ਇਲਾਕੇ ਦੀ ਦਿੱਖ ਬਦਲ ਗਈ ਹੈ ਅਤੇ ਵਾਹਨ ਚਾਲਕਾਂ ਦਾ ਸਫ਼ਰ ਸੁਖਾਲਾ ਹੋ ਗਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਸਿਮਰਜੀਤ ਸਿੰਘ ਸੋਹਲ ਨੇ ਰਣਜੋਧ ਸਿੰਘ ਹਡਾਣਾ ਦੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ | ਸੋਹਲ ਨੇ ਕਿਹਾ ਕਿ ਰਣਜੋਧ ਸਿੰਘ ਹਡਾਣਾ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ | ਸਾਡੇ ਹਲਕੇ ਦੇ ਲੋਕ ਟੁੱਟੀਆਂ ਸੜਕਾਂ ਕਾਰਨ ਬਹੁਤ ਦੁਖੀ ਸਨ, ਪਰ ਹਡਾਣਾ ਦੀ ਦੂਰਅੰਦੇਸ਼ੀ ਸੋਚ ਨੇ ਅੱਜ ਲੋਕਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਿਵਾਈ ਹੈ | ਇਹ ਸਿਰਫ਼ ਸੜਕਾਂ ਦੀ ਮੁਰੰਮਤ ਨਹੀਂ ਹੈ, ਸਗੋਂ ਹਲਕੇ ਦੇ ਸਰਵਪੱਖੀ ਵਿਕਾਸ ਦੀ ਇਕ ਮਜ਼ਬੂਤ ਨੀਂਹ ਹੈ | ਅਸੀਂ ਉਨ੍ਹਾਂ ਦੇ ਇਸ ਉਪਰਾਲੇ ਲਈ ਦਿਲੋਂ ਧੰਨਵਾਦੀ ਹਾਂ | ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਹੋਣ ਨਾਲ ਸਥਾਨਕ ਦੁਕਾਨਦਾਰਾਂ ਅਤੇ ਕਿਸਾਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ | ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਧੂੜ-ਮਿੱਟੀ ਅਤੇ ਟੋਇਆਂ ਕਾਰਨ ਕਾਰੋਬਾਰ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਸੀ, ਪਰ ਹੁਣ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ | ਉਨ੍ਹਾਂ ਦੱਸਿਆ ਕਿ ਬਿੰਜਲ ਤੋਂ ਮੋਹਲਗੜ ਵਾਲੀ ਸੜਕ ਦਾ ਕੰਮ ਵੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਮੋਹਲਗੜ ਤੋਂ ਸਾਹਨੀ ਪੁਰ ਟਾਂਡਾ ਵਾਲੀ ਕੱਚੀ ਸੜਕ ਅਤੇ ਮਹਿਤਾਬਗੜ ਤੋਂ ਬਲਾਉਂਗੀ ਵਾਲੀ ਸੜਕ ਦਾ ਵੀ ਕੰਮ ਜਲਦੀ ਸ਼ੁਰੂ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਦੋਵੇਂ ਰਸਤੇ ਕੱਚੇ ਸਨ ਜਿਸ ਕਰਕੇ ਇਹਨਾ ਸੜਕਾਂ ਨੂੰ ਪੱਕਾ ਕਰਨ ਲਈ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ | ਇਸ ਮੌਕੇ ਸਰਪੰਚ ਨਛੱਤਰ ਸਿੰਘ ਖਾਂਸਾ, ਸਰਪੰਚ ਦੇਵਰਾਜ ਧਗੜੌਲੀ, ਨੰਬਰਦਾਰ ਮਲਕੀਤ ਸਿੰਘ ਫਰੀਦਪੁਰ, ਸੁੱਖਾ ਸਿੰਘ ਐਹਿਰੂ, ਕੁਲਦੀਪ ਸਿੰਘ ਸੁਪਰਵਾਈਜ਼ਰ ਅਤੇ ਜੇ ਈ ਰੌਬਿਨਪ੍ਰੀਤ ਸਿੰਘ ਹਾਜ਼ਰ ਸਨ |