ਨਗਰ ਨਿਗਮ 'ਚ ਚੱਲ ਰਹੀ ਜਨਗਣਨਾ ਸੰਬੰਧੀ ਸਿਖਲਾਈ ਦਾ ਸਾਰਿਆ ਜਾ ਰਿਹੈ ਬੁੱਤਾ ਹੋ ਰਹੀਆਂ ਊਣਤਾਈਆਂ ਬਾਰੇ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਨੇ ਵੱਟੀ ਚੁੱਪੀ
ਅਜੀਤ ਡੈਸਕ
10-05-2026
ਪਟਿਆਲਾ, 9 ਮਈ -ਨਗਰ ਨਿਗਮ 'ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਜਨਗਣਨਾ ਦੀ ਸਿਖਲਾਈ ਸਵਾਲਾਂ ਦੇ ਘੇਰੇ 'ਚ ਆਉਂਦੀ ਨਜ਼ਰ ਆ ਰਹੀ ਹੈ | ਦੱਸਣਯੋਗ ਹੈ ਕਿ ਨਗਰ ਨਿਗਮ 'ਚ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀ ਜਨਗਣਨਾ ਕਰਵਾਉਣ ਲਈ ਸਿਖਲਾਈ ਤਿੰਨ ਦਿਨਾਂ ਲਈ ਲਗਾਈ ਗਈ ਹੈ | ਪ੍ਰੰਤੂ ਉੱਥੇ ਹੀ ਦੂਜੇ ਪਾਸੇ ਬਹੁਤੇ ਸਿਖਲਾਈਕਰਤਾਵਾਂ ਨੂੰ ਇਕ ਦਿਨ ਦੀ ਸਿਖਲਾਈ ਦੇ ਕੇ ਇਹ ਕਹਿ ਕੇ ਘਰੇ ਤੋਰਿਆ ਜਾ ਰਿਹਾ ਹੈ ਜੇਕਰ ਕੋਈ ਸ਼ੱਕ ਰਹਿੰਦਾ ਹੋਵੇ ਤਾਂ ਹੀ ਅਗਲੇ ਦਿਨ ਆਉਣ ਦੀ ਲੋੜ ਹੈ ਅਤੇ ਰਹਿੰਦੇ ਦੋ ਦਿਨ ਦੀ ਸਿਖਲਾਈ ਕਿਸ ਖਾਤੇ ਪਾਈ ਇਹ ਕਿਸੇ ਨੇ ਸਾਫ਼ ਨਹੀਂ ਕੀਤਾ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਤੀ ਵਿਅਕਤੀ ਦੋ ਸੌ ਰੁਪਏ ਖਾਣੇ ਦੇ ਤਹਿ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਸਿਖਲਾਈ ਕਰਨ ਵਾਲੇ ਅਧਿਆਪਕਾਂ 400 ਰੁਪਏ ਪ੍ਰਤੀ ਦਿਨ ਸਿਖਲਾਈ ਦੇ ਦੇਣ ਬਾਰੇ ਵੀ ਪਤਾ ਲੱਗਾ ਹੈ | ਨਗਰ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਹੋ ਅੰਦਰ ਖਾਤੇ ਹੋ ਰਹੀ ਧਾਂਦਲੀ ਦੀ ਗੱਲ ਕਰੀਏ ਤਾਂ ਸੂਤਰਾਂ ਅਨੁਸਾਰ ਜਨਗਣਨਾ ਸੰਬੰਧੀ ਜੋ ਬੈਚ 4,5,6 ਅਤੇ 5,6,7 ਮਈ ਨੂੰ ਲਗਾਏ ਗਏ ਉਨ੍ਹਾਂ ਵਿਚ 5 ਨੰਬਰ ਬੈਚ ਨੂੰ ਜਗ੍ਹਾਂ ਘੱਟ ਹੋਣ ਦਾ ਹਵਾਲਾ ਦੇ ਕੇ ਹਾਜ਼ਰੀ ਪਾ ਕੇ ਜਾਣ ਨੂੰ ਕਿਹਾ ਗਿਆ ਅਤੇ ਇਸ ਤੋਂ ਇਲਾਵਾ ਪਹਿਲੇ ਅਤੇ ਦੂਜੇ ਬੈਚ ਨੂੰ ਦੁਪਹਿਰ ਦੇ ਖਾਣੇ ਦੀ ਜਗ੍ਹਾ 'ਤੇ ਚਾਹ ਤੇ ਬਰੈੱਡ ਪਕੌੜਾ ਪਰੋਸ ਕੇ ਸਿਖਲਾਈ ਸਮਾਪਤ ਕਰ ਦਿੱਤੀ | ਇਕ ਅਧਿਆਪਕ ਨੇ ਆਪਣਾ ਨਾਮ ਨਾ ਦੱਸਣ ਦੀ ਸੂਰਤ ਵਿਚ ਦੱਸਿਆ ਕਿ ਨਗਰ ਨਿਗਮ ਦੇ ਅਧਿਕਾਰੀ ਵਿਸ਼ਾਲ ਸਿਆਲ ਨੇ ਕਿਹਾ ਕਿ ਜੇਕਰ ਸਿਖਲਾਈ ਸੰਬੰਧੀ ਕਿਸੇ ਨੂੰ ਕੁਝ ਸਾਫ਼ ਨਾ ਹੋਇਆ ਹੋਵੇ ਤਾਂ ਇਥੇ ਆ ਜਾਣਾ ਨਹੀਂ ਤਾਂ ਇਥੇ ਆਉਣ ਦੀ ਲੋੜ ਨਹੀਂ ਅਤੇ ਸਿਖਲਾਈਕਰਤਾਵਾਂ ਨੂੰ ਆਪਣੇ ਵਿਭਾਗਾਂ ਵਿਚ ਵੀ ਜਾਣ ਦੀ ਲੋੜ ਨਹੀਂ ਤੇ ਹਾਜ਼ਰੀ ਡਬਲ ਹੋ ਜਾਵੇਗੀ | ਜਦੋਂ ਕਿ ਸਿਖਲਾਈਕਰਤਾਵਾਂ ਦੀ ਦੋ ਦਿਨ ਹਾਜ਼ਰੀ ਬਾਕੀ ਸੀ | 'ਅਜੀਤ' ਦੀ ਟੀਮ ਦੇ ਦੌਰਾ ਕਰਨ ਤੋਂ ਬਾਅਦ ਇਸੇ ਤਰ੍ਹਾਂ 5 ਤਾਰੀਕ ਨੂੰ ਵੀ ਦੁਪਹਿਰ ਦਾ ਖਾਣਾ ਨਹੀਂ ਦਿੱਤਾ ਗਿਆ ਅਤੇ ਉਸ ਦਿਨ ਤੋਂ ਫੀਲਡ ਟ੍ਰੇਨਰਾਂ ਤਿੰਨ ਦਿਨਾ ਸਿਖਲਾਈ ਨੂੰ ਇਕ ਦਿਨ ਵਿਚ ਵੀ ਨਿਬੇੜ ਦਿੱਤਾ ਜਦੋਂ ਕਿ ਸਿਖਲਾਈਕਰਤਾਵਾਂ ਨੂੰ ਤਿੰਨ ਦਿਨਾ ਸਿਖਲਾਈ ਦਾ ਸੁਨੇਹਾ ਆਇਆ ਹੋਇਆ ਸੀ | ਇਥੇ ਇਹ ਸਪਸ਼ਟ ਕਰਨਾ ਬਣਦਾ ਹੈ ਕਿ ਉਕਤ ਸਿਖਲਾਈਆਂ ਦੇ ਚੱਲਦੇ ਬੈਚਾਂ ਵਿਚ ਦੁਪਹਿਰ ਦਾ ਖਾਣਾ ਅਤੇ ਦੋ ਟਾਈਮ ਦੀ ਚਾਹ ਸਿਖਲਾਈਕਰਤਾਵਾਂ ਨੂੰ ਦੇਣਾ ਵੀ ਤਹਿ ਕੀਤਾ ਗਿਆ ਸੀ | ਪ੍ਰੰਤੂ ਨਗਰ ਨਿਗਮ ਅਧਿਕਾਰੀਆਂ ਵਲੋਂ ਹੁਣ ਇਕ ਸਮੇਂ ਚਾਹ ਨਾਲ ਬਰੈਡ ਪਕੌੜਾ ਖੁਆ ਕੇ ਸਿਖਲਾਈਕਰਤਾਵਾਂ ਲਈ ਆਏ ਦੁਪਹਿਰ ਦੇ ਖਾਣੇ ਦੇ ਫੰਡ ਕਿਥੇ, ਕਿਵੇਂ ਵਰਤੇ ਜਾ ਰਹੇ ਹਨ ਇਹ ਨਿਗਮ ਦੇ ਅਧਿਕਾਰੀ ਹੀ ਬਿਹਤਰ ਦੱਸ ਸਕਦੇ ਹਨ | ਇਕ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਤਿੰਨ ਦਿਨਾ ਲੱਗਣ ਵਾਲੀ ਸਿਖਲਾਈ ਇਕ ਦਿਨ ਵਿਚ ਕਿਵੇਂ ਅਤੇ ਕਿਸ ਅਧਿਕਾਰੀ ਦੇ ਕਹਿਣ ਉਤੇ ਨਿਬੇੜੀ ਗਈ ਅਤੇ ਤਿੰਨ ਦਿਨਾਂ ਵਿਚੋਂ ਇਕ ਦਿਨ ਸਿਖਲਾਈ ਲਗਾਉਣ ਵਾਲੇ ਸਰਕਾਰੀ ਮੁਲਾਜਮਾਂ ਨੂੰ ਕਿੰਨੇ ਦੀ ਦਿਨ ਦੀ ਸਿਖਲਾਈ ਦੇ ਹਿਸਾਬ ਨਾਲ ਪੈਸੇ ਮਿਲਣਗੇ? ਇਸ ਦੇ ਉਲਟ ਦੂਜੇ ਪਾਸੇ ਪਟਿਆਲਾ ਦਿਹਾਤੀ ਦੀ ਥਾਪਰ ਕਾਲਜ ਵਿਖੇ ਚੱਲ ਰਹੀ ਸਿਖਲਾਈ ਤਿੰਨ ਦਿਨ ਲਈ ਚੱਲਦੀ ਹੈ ਅਤੇ ਤਿੰਨੋਂ ਦਿਨ ਦੁਪਹਿਰ ਦਾ ਖਾਣਾ ਵੀ ਪਰੋਸਿਆ ਜਾਂਦਾ ਹੈ | 9 ਮਈ ਹੋ ਜਾਣ ਦਾ ਬਾਵਜੂਦ ਵੀ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਨਾ ਸੰਪੂਰਨ ਤੌਰ 'ਤੇ ਜਨਗਣਨਾ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਨਾ ਹੀ ਸਮਾਨ ਦਿੱਤਾ ਗਿਆ ਹੈ ਅਤੇ ਜੂਨੀਅਰ ਅਧਿਕਾਰੀ ਸੁਪਰਵਾਇਜਰ ਬਣਾਏ ਗਏ ਹਨ ਜਦੋਂ ਕਿ ਸੀਨੀਅਰ ਅਧਿਕਾਰੀ ਗਿਣਤੀਕਾਰ ਲਗਾ ਦਿੱਤੇ ਹਨ | ਸਮਾਨ ਕਦੋਂ, ਕਿੱਥੇ, ਕਿਵੇਂ ਮਿਲਣਾ ਹੈ ਇਸ ਬਾਰੇ ਕੋਈ ਸੁਨੇਹਾ ਪ੍ਰਾਪਤ ਨਹੀਂ ਹੋ ਰਿਹਾ | ਇਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਡਿਊਟੀ ਕਟਵਾਉਣ ਲਈ ਕਿਸੇ ਸਰਕਾਰੀ ਮੁਲਾਜ਼ਮ ਕੋਲ ਜੇਕਰ ਕੋਈ ਘਰੇਲੂ ਜਾਂ ਸਿਹਤ ਸੰਬੰਧੀ ਸਮੱਸਿਆ ਦਾ ਸਬੂਤ ਹੋਵੇ ਤਾਂ ਉਸ ਦੀ ਡਿਊਟੀ ਨਹੀਂ ਕੱਟੀ ਜਾ ਰਹੀ ਪ੍ਰੰਤੂ ਨਗਰ ਨਿਗਮ ਦੇ ਅਧਿਕਾਰੀ ਇਕ ਆਮ ਆਦਮੀ ਪਾਰਟੀ ਦੇ ਆਗੂ ਦੇ ਕਹਿਣ 'ਤੇ ਡਿਊਟੀ ਕੱਟਣ ਵਿਚ ਭੌਰਾ ਚਿਰ ਨਹੀਂ ਲਗਾ ਰਹੇ |