ਭੁੱਨਰਹੇੜੀ, 11 ਮਈ (ਧਨਵੰਤ ਸਿੰਘ)-ਸਥਾਨਕ ਮੇਨ ਬਾਜ਼ਾਰ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਪੈਨਸ਼ਨ ਲੈਣ ਆਏ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਬਲਕਾਰ ਸਿੰਘ ਪੁੱਤਰ ਦਲੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਖਾਕਟਾਂ ਪਲਾਟ ਦਾ ਵਸਨੀਕ ਸੀ | ਬਜ਼ੁਰਗ ਬਲਕਾਰ ਸਿੰਘ ਨਾਲ ਇਹ ਮੰਦਭਾਗਾ ਹਾਦਸਾ ਪੰਜਾਬ ਨੈਸ਼ਨਲ ਬੈਂਕ ਬਰਾਂਚ ਭੁੱਨਰਹੇੜੀ ਦੇ ਸਾਹਮਣੇ ਹੋਇਆ | ਉਹ ਆਪਣੀ ਪੈਨਸ਼ਨ ਲੈ ਕੇ ਵਾਪਸ ਜਾ ਰਹੇ ਸਨ | ਜਦੋਂ ਉਨ੍ਹਾਂ ਬਾਜ਼ਾਰ ਵਿਚ ਸੜਕ ਪਾਰ ਕੀਤੀ ਤਾਂ ਇਸ ਦੌਰਾਨ ਪਟਿਆਲੇ ਵਲੋਂ ਆਏ ਇਕ ਤੇਜ਼ ਰਫ਼ਤਾਰ ਹਾਈਡਰੋਲਿਕ ਮਸ਼ੀਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਬਜ਼ੁਰਗ ਮਸ਼ੀਨ ਹੇਠਾਂ ਆ ਗਏ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ | ਇਸ ਵਾਪਰੇ ਹਾਦਸੇ ਕਾਰਨ ਲੋਕ ਇਕੱਠੇ ਹੋ ਗਏ | ਸਥਾਨਕ ਲੋਕਾਂ ਵਲੋਂ ਤੁਰੰਤ ਮਦਦ ਦੀ ਕਰਨ ਲਈ ਪਹੰੁਚ ਗਏ, ਪਰ ਬਜ਼ੁਰਗ ਦੀ ਜਾਨ ਨਹੀਂ ਬਚ ਸਕੀ | ਵਾਰਸਾਂ ਨੇ ਦੱਸਿਆਂ ਕਿ ਅਸੀਂ ਪੁਲਿਸ ਚੌਕੀ ਇਤਲਾਹ ਦਿੱਤੀ ਹੈ ਤੇ ਇਨਸਾਫ਼ ਦੀ ਮੰਗ ਕੀਤੀ | ਵਰਨਣਯੋਗ ਹੈ ਕਿ ਇਹ ਪਿਹੋਵਾ-ਪਟਿਆਲਾ ਮੁੱਖ ਮਾਰਗ ਹੈ ਪਰ ਮੇਨ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਆਵਾਜਾਈ ਅਕਸਰ ਬਿਨਾਂ ਨਿਯਮਾਂ ਦੇ ਹੁੰਦੀ ਹੈ | ਬਾਜ਼ਾਰ ਅੰਦਰ ਨਾਜਾਇਜ਼ ਤੌਰ ਰੇਹੜੀਆਂ ਦੀ ਭਰਮਾਰ ਹੈ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਜ਼ਾਰ ਵਿਚ ਟ੍ਰੈਫਿਕ ਪ੍ਰਬੰਧ ਮਜ਼ਬੂਤ ਕੀਤਾ ਜਾਵੇ ਅਤੇ ਤੇਜ਼ ਰਫ਼ਤਾਰ ਵਾਹਨਾਂ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ |