ਨਾਭਾ, 12 ਮਈ (ਜਗਨਾਰ ਸਿੰਘ ਦੁਲੱਦੀ)-1 ਮਈ ਨੂੰ ਕਿਰਤ ਦਿਵਸ ਮੌਕੇ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸੇਸ ਇਜਲਾਸ ਬੁਲਾਕੇ ਪੰਜਾਬ ਦੇ ਕਿਰਤੀਆਂ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਸਿਵਾਏ ਕਿਰਤੀਆਂ ਨੂੰ ਕੁਝ ਵੀ ਨਹੀਂ ਦਿੱਤਾ,14 ਸਾਲਾਂ ਬਾਅਦ ਕਿਰਤੀਆਂ ਦੀਆਂ ਉਜ਼ਰਤਾਂ ਵਿਚ ਮਾਮੂਲੀ ਜਿਹਾ ਵਾਧਾ ਕਰਕੇ ਊਠ ਦੇ ਮੂੰਹ ਜ਼ੀਰਾ ਦੇਣ ਵਾਲੀ ਗੱਲ ਕੀਤੀ ਹੈ | ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਤੇ ਪੰਜਾਬ ਏਟਕ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਉਸ ਦਿਨ ਕਿਰਤੀਆਂ ਦੀ ਉਜ਼ਰਤਾਂ ਵਿਚ ਮਾਮੂਲੀ ਜਿਹਾ 1760 ਰੁਪਏ ਦਾ ਵਾਧਾ ਕਰਕੇ ਕਿਰਤੀ ਵਰਗ ਨਾਲ ਮਖ਼ੌਲ ਹੀ ਕੀਤਾ ਹੈ | ਉਨ੍ਹਾਂ ਕਿਹਾ ਕਿ 1 ਮਈ ਵਾਲੇ ਦਿਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੋਂ ਲੱਗਦਾ ਸੀ ਕਿ ਪੰਜਾਬ ਸਰਕਾਰ ਕਿਰਤੀਆਂ ਲਈ ਕੋਈ ਵੱਡੀ ਰਾਹਤ ਦਾ ਐਲਾਨ ਕਰੇਂਗੀ ਪਰ ਅਜਿਹਾ ਨਹੀਂ ਹੋਇਆ, ਹੁਣ ਕਿਰਤੀਆਂ ਨੂੰ ਸਿਰਫ 13,486 ਰੁਪਏ ਹੀ ਉਜਰਤ ਵਜੋਂ ਮਿਲਣਗੇ | ਜਿਸ ਨਾਲ ਏਨੀ ਮਹਿੰਗਾਈ ਦੇ ਸਮੇਂ ਵਿਚ 5 ਮੈਂਬਰੀ ਪਰਿਵਾਰ ਇਸ ਨਾਲ ਗੁਜ਼ਾਰਾ ਨਹੀਂ ਕਰ ਸਕਦਾ ਹੈ | ਕਾਮਰੇਡ ਗਦਾਈਆ ਨੇ ਕਿਹਾ ਕਿ ਦੇਸ ਦੀਆਂ ਟਰੇਡ ਯੂਨੀਅਨਾਂ ਹਰ ਕਿਰਤੀ ਲਈ ਘੱਟੋ-ਘੱਟ 35000 ਹਜ਼ਾਰ ਰੁਪਏ ਦੀ ਮੰਗ ਕਰ ਰਹੀਆਂ ਹਨ, ਐਨੀ ਉਜਰਤ ਦੇ ਹੁੰਦਿਆਂ ਹੀ ਕਿਰਤੀ ਪਰਿਵਾਰ ਮਾਣ ਸਤਿਕਾਰ ਅਤੇ ਸਾਰੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ | ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ 19 ਮਈ ਦੀ ਮੁਹਾਲੀ ਰੈਲੀ ਸੰਬੰਧੀ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਨਰੇਗਾ ਕਾਮਿਆਂ ਦੀ ਸਾਲਾਨਾ ਉਜਰਤ ਵਧਾਉਣ ਲਈ ਸਿਫ਼ਾਰਸ਼ ਨਹੀਂ ਕੀਤੀ ਤੇ ਨਾ ਹੀ ਕੇਂਦਰ ਦੀ ਮੋਦੀ ਹਕੂਮਤ ਨੇ ਨਰੇਗਾ ਕਾਮਿਆਂ ਦੀ ਦਿਹਾੜੀ ਵਿਚ ਵਾਧਾ ਕੀਤਾ ਹੈ, ਇਸ ਲਈ ਦੇਸ ਦੇ ਨਰੇਗਾ ਕਾਮਿਆਂ ਵਿਚ ਘੋਰ ਨਿਰਾਸ਼ਾ ਹੈਂ | ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਕੇਂਦਰ ਸਰਕਾਰ ਨਰੇਗਾ ਦੀ ਥਾਂ ਬਣਾਏ ਨਵੇਂ ਕਾਨੂੰਨ ਵੀ ਬੀ ਗ੍ਰਾਮ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ | ਇਹ ਕਾਨੂੰਨ ਨੂੰ ਲਾਗੂ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਲਾਗੂ ਹੋਣ ਰੁਜ਼ਗਾਰ ਪ੍ਰਾਪਤੀ ਦੀਆਂ ਸੰਭਾਵਨਾਵਾਂ ਘੱਟ ਹਨ, ਇਸ ਦੀ ਥਾਂ ਪਹਿਲਾ ਵਾਲਾ ਹੀ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਐਕਟ ਹੀ 200 ਦਿਨਾਂ ਦੀ ਕੰਮ ਗਾਰੰਟੀ 1000 ਰੁਪਏ ਦਿਹਾੜੀ ਨਾਲ ਲਾਗੂ ਰਹਿਣਾ ਚਾਹੀਦਾ ਹੈ | ਕਾਮਰੇਡ ਗਦਾਈਆ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਕੱਚੇ ਕਾਮੇਂ ਜੋ ਵੱਖ-ਵੱਖ ਅਦਾਰਿਆਂ ਵਿੱਚ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪੱਕੇ ਕਰਨ ਦੀ ਕੋਈ ਵੀ ਗੱਲ ਨਹੀਂ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਬਹੁਤੇ ਕਾਮੇਂ ਰਿਟਾਇਰ ਹੋਣ ਦੀ ਉਮਰ ਦੇ ਨੇੜੇ ਪਹੁੰਚੇ ਹੋਏ ਹਨ, ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੱਤਾਂ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਤੇ ਕਿਰਤੀਆਂ ਨਾਲ ਵਾਅਦੇ ਕੀਤੇ ਸਨ ਕਿ ਕੱਚੇ ਕਾਮਿਆਂ ਨੂੰ ਜਲਦੀ ਪੱਕੇ ਕੀਤਾ ਜਾਵੇਗਾ, ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ | ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਮਨਪ੍ਰੀਤ ਕੌਰ ਬਿਸ਼ਨਗੜ੍ਹ, ਬਲਜੀਤ ਕੌਰ ਗਦਾਈਆ, ਸੁਖਚੈਨ ਸਿੰਘ ਘਣੀਵਾਲ, ਪ੍ਰਕਾਸ਼ ਕੌਰ ਘਣੀਵਾਲ, ਸਤਿਆ ਕੌਰ ਘਣੀਵਾਲ ਨੇ ਨਰੇਗਾ ਕਾਮਿਆਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਕਿਰਤੀ ਭਵਨ ਮੁਹਾਲੀ ਵਿਖੇ ਪਹੁੰਚੋ |