10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਿਸਾਨਾਂ ਵਲੋਂ ਨਾਭਾ-ਪਟਿਆਲਾ ਸੜਕ 'ਤੇ ਨਵਾਂ ਸਾਈਫ਼ਨ ਬਣਾਉਣ ਨੂੰ ਲੈ ਕੇ ਧਰਨਾ

Ad Position 21
No active advertisement
ਅਜੀਤ ਡੈਸਕ 15-05-2026
ਨਾਭਾ, 14 ਮਈ (ਜਗਨਾਰ ਸਿੰਘ ਦੁਲੱਦੀ)-ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਭਾ ਹਲਕੇ ਦੇ ਪਿੰਡਾਂ ਦੇ ਕਿਸਾਨ ਖੇਤਾਂ ਵਿਚ ਮੀਂਹ ਦਾ ਪਾਣੀ ਭਰਨ ਤੋਂ ਚਿੰਤਤ ਹਨ, ਕਿਉਂ ਜੋ ਨਾਭਾ ਦੇ ਭੋੜੇ ਸਾਈਫ਼ਨ ਨੇੜਲੇ ਕਈ ਪਿੰਡਾਂ ਵਿਚ ਹਰ ਸਾਲ ਬਰਸਾਤ ਦੇ ਮੌਸਮ ਵਿਚ ਪਾਣੀ ਭਰ ਜਾਣ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ | ਇਸ ਦੇ ਮੱਦੇਨਜ਼ਰ ਪਿੰਡ ਬਿਰੜਵਾਲ, ਖੋਖ ਅਤੇ ਕੋਟਲੀ ਆਦਿ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਵਿਭਾਗ ਤੋਂ ਨਵਾਂ ਸਾਈਫ਼ਨ ਬਣਾਉਣ ਦੀ ਮੰਗ ਕੀਤੀ ਸੀ ਅਤੇ ਇਸ ਮੰਗ ਨੂੰ ਦੇਖਦੇ ਹੋਏ ਸੰਬੰਧਿਤ ਵਿਭਾਗ ਨੇ ਨਵੇਂ ਸਾਈਫ਼ਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ | ਜਦੋਂ ਇਸ ਨਵੇਂ ਪੜ੍ਹਨ ਵਾਲੇ ਸਾਈਫ਼ਨ ਦਾ ਕੰਮ ਸ਼ੁਰੂ ਹੋਇਆ ਤਾਂ ਇਸ ਦੇ ਨੇੜਲੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਇਹ ਕਹਿ ਕੇ ਕੰਮ ਬੰਦ ਕਰ ਦਿੱਤਾ ਕਿ ਇਸ ਸਾਈਫ਼ਨ ਦੇ ਬਣਨ ਨਾਲ ਉਨ੍ਹਾਂ ਦੇ ਪਿੰਡਾਂ ਵਿਚ ਪਾਣੀ ਭਰ ਜਾਵੇਗਾ | ਕਈ ਪਿੰਡਾਂ ਦੇ ਕਿਸਾਨ ਨਵੇਂ ਬਣਨ ਵਾਲੇ ਸਾਈਫ਼ਨ ਨੇੜੇ ਧਰਨਾ ਦੇ ਰਹੇ ਹਨ ਅਤੇ ਕੰਮ ਬੰਦ ਕਰਨ ਦੀ ਮੰਗ ਕਰ ਰਹੇ ਹਨ, ਜਿਸ ਕਾਰਨ ਇਹ ਕੰਮ ਰੁਕਿਆ ਹੋਇਆ ਹੈ | ਦੂਜੇ ਪਾਸੇ ਨਵੇਂ ਬਣ ਰਹੇ ਸਾਈਫ਼ਨ ਦਾ ਕੰਮ ਬੰਦ ਕਰਨ ਦੇ ਵਿਰੋਧ ਵਿਚ ਪਿੰਡ ਬਿਰੜਵਾਲ, ਖੋਖ ਅਤੇ ਕੋਟਲੀ ਦੇ ਕਿਸਾਨਾਂ ਵਲੋਂ ਅੱਜ ਨਾਭਾ-ਪਟਿਆਲਾ ਸੜਕ 'ਤੇ ਰੋਹਟੀ ਪੁਲ ਵਿਖੇ ਜਾਮ ਲਾ ਕੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਮੰਗ ਹੈ ਕਿ ਹਰ ਸਾਲ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ, ਇਸ ਲਈ ਇਸ ਨਵੇਂ ਬਣਨ ਵਾਲੇ ਸਾਈਫ਼ਨ ਦਾ ਕੰਮ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੂਰਾ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਕ ਪਾਸੇ ਜਿੱਥੇ ਇਕ ਪਿੰਡ ਦੇ ਕਿਸਾਨ ਸਾਈਫ਼ਨ ਬਣਾਉਣ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਪਿੰਡਾਂ ਦੇ ਲੋਕ ਨਵਾਂ ਸਾਈਫ਼ਨ ਬਣਾਉਣ ਦੀ ਮੰਗ ਕਰ ਰਹੇ ਹਨ, ਕਿਉਂਕਿ ਵਿਭਾਗ ਵਲੋਂ ਨਵਾਂ ਸਾਈਫ਼ਨ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ | ਸਾਈਫ਼ਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਈਫ਼ਨ ਦੇ ਬਣਨ ਨਾਲ ਪਿੰਡ ਗੋਬਿੰਦਗੜ੍ਹ ਛੰਨਾ ਦੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਵੇਗਾ, ਕਿਉਂਕਿ ਇਨ੍ਹਾਂ ਸਾਰੇ ਪਿੰਡਾਂ ਦਾ ਪਾਣੀ ਆ ਕੇ ਉਨ੍ਹਾਂ ਦੇ ਪਿੰਡ ਵਿਚ ਹੀ ਇਕੱਠਾ ਹੋ ਜਾਵੇਗਾ, ਜਿਸ ਦੀ ਨਿਕਾਸੀ ਲਈ ਪ੍ਰਸ਼ਾਸਨ ਨੇ ਕੋਈ ਹੋਰ ਪ੍ਰਬੰਧ ਨਹੀਂ ਕੀਤੇ ਹਨ | ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਪ੍ਰਸ਼ਾਸਨ ਹੁਣ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ, ਜਿਸ ਕਾਰਨ ਅੱਜ ਉਨ੍ਹਾਂ ਨੂੰ ਨਾਭਾ-ਪਟਿਆਲਾ ਸੜਕ ਨੂੰ ਜਾਮ ਕਰਨ ਲਈ ਮਜਬੂਰ ਹੋਣਾ ਪਿਆ ਹੈ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਮਾਮਲੇ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ |
ਕੀ ਕਹਿਣਾ ਹੈ ਉਪ ਮੰਡਲ ਮੈਜਿਸਟ੍ਰੇਟ ਦਾ
ਜਦੋਂ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਦੀ ਇਸ ਸਮੱਸਿਆ ਸੰਬੰਧੀ ਸਥਾਨਕ ਉਪ-ਮੰਡਲ ਮੈਜਿਸਟ੍ਰੇਟ ਏ.ਪੀ. ਸਿੰਘ ਸੋਮਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਇਕ ਹਫ਼ਤੇ ਦੇ ਅੰਦਰ ਹੱਲ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਸੀ.ਬੀ.ਐੱਸ.ਈ. 12ਵੀਂ ਦੀ ਪ੍ਰੀਖਿਆ 'ਚ ਸਕਾਰਲਜ਼ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
Ad Position 24