ਪਾਤੜਾਂ, 14 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਨੂੰ ਲੈ ਕੇ ਅਜੇ ਨਾਮਜ਼ਦਗੀਆਂ ਦਾਖਿਲ ਕਰਨ ਦਾ ਕੰਮ ਠੰਢਾ ਦਿਖਾਈ ਦੇ ਰਿਹਾ ਹੈ ਪਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵਲੋਂ ਇਕ ਵਾਰਡ ਵਿਚ ਮੀਟਿੰਗ ਦੌਰਾਨ ਦਿੱਤੇ ਗਏ ਬਿਆਨ ਨੂੰ ਲੈ ਕੇ ਹਲਕੇ 'ਚ ਮਾਹੌਲ ਬਹੁਤ ਗਰਮਾਇਆ ਹੋਇਆ ਹੈ | ਇਸ ਸੰਬੰਧੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕੇ ਦੇ ਮੁੱਖ ਸੇਵਾਦਾਰ ਕਰਨ ਸਿੰਘ ਨੇ ਸੋਸ਼ਲ ਮੀਡੀਆ ਤੇ ਹਲਕਾ ਵਿਧਾਇਕ ਦੇ ਬਿਆਨ ਸੰਬੰਧੀ ਆਪਣੀ ਪ੍ਰਤੀਕਿਰਿਆ ਪਰਗਟ ਕਰਦਿਆਂ ਕਿਹਾ ਕਿ ਕਾਂਗਰਸ ਦੇ ਕੁਝ ਆਗੂਆਂ ਨੇ ਜਿਸ ਤਰ੍ਹਾਂ 11 ਨੰਬਰ ਵਾਰਡ ਦੀ ਜ਼ਿਮਨੀ ਚੋਣ ਵਿਚ ਧੱਕਾਸ਼ਾਹੀ ਕੀਤੀ ਸੀ ਅੱਜ ਤੱਕ ਹਾਈਕੋਰਟ ਵਿਚ ਤਰੀਕਾਂ ਭੁਗਤ ਰਹੇ ਹਨ ਅਤੇ ਇਸ ਹਲਕੇ ਵਿਚ ਜੇ ਕੋਈ ਹੁਣ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਵੀ ਅਜਿਹੇ ਨਤੀਜੇ ਭੁਗਤਣੇ ਪੈਣਗੇ | ਕਾਂਗਰਸ ਪਾਰਟੀ ਨੇ ਦਰਬਾਰਾ ਸਿੰਘ ਬੰਨਵਾਲਾ ਦੀ ਅਗਵਾਈ 'ਚ ਕੀਤੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਹਲਕਾ ਵਿਧਾਇਕ ਨੇ ਕਿਹਾ ਹੈ ਕਿ ਸਾਡੇ ਕੋਲ ਨੌਜਵਾਨਾਂ ਦੀ ਇਕ ਟੀਮ ਹੈ ਅਤੇ ਅਸੀ ਉਨੀਆਂ ਦੀ ਇੱਕੀ ਪਾਵਾਂਗੇ ਅਜਿਹਾ ਬਿਆਨ ਦੇ ਕੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾਉਣਾ ਚਾਹਿਆ ਹੈ ਅਤੇ ਸਾਨੂੰ ਖ਼ਦਸ਼ਾ ਹੈ ਕਿ ਵੋਟਾਂ ਦੌਰਾਨ ਵੱਡੇ ਪੱਧਰ 'ਤੇ ਧੱਕੇਸ਼ਾਹੀ ਹੋ ਸਕਦੀ ਹੈ | ਇਸ ਲਈ ਸਾਡੇ ਵਲੋਂ ਇਕ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ ਅਤੇ ਵਿਧਾਇਕ ਦੇ ਬਿਆਨ ਦੀ ਵੀਡੀਓ ਕਾਂਗਰਸ ਪਾਰਟੀ ਦੀ ਹਾਈਕਮਾਨ ਨੂੰ ਭੇਜ ਦਿੱਤੀ ਗਈ ਹੈ | ਕਾਂਗਰਸੀ ਦੇ ਉਮੀਦਵਾਰਾਂ ਨਾਲ ਸਮੁੱਚੀ ਪਾਰਟੀ ਨਾਲ ਖੜ੍ਹੀ ਹੈ ਅਤੇ ਅਜਿਹੀਆਂ ਧਮਕੀਆਂ ਤੋਂ ਕਾਂਗਰਸ ਦੇ ਵਰਕਰ ਨਹੀਂ ਡਰਨਗੇ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਖੀ ਬਾਬੂ ਕਬੀਰ ਦਾਸ ਨੇ ਕਿਹਾ ਕਿ ਜਿਤ ਕੇ ਵਿਧਾਇਕ ਕੁਲਵੰਤ ਸਿੰਘ ਉਸ ਤਰ੍ਹਾਂ ਬੋਲ ਰਿਹਾ ਜਿਸ ਤਰ੍ਹਾਂ ਇਨ੍ਹਾਂ ਦੇ ਪਾਰਟੀ ਦੇ ਮੁੱਖ ਆਗੂਆਂ ਨੇ ਬਿਆਨ ਦਿੱਤੇ ਹਨ | ਉਨ੍ਹਾਂ ਦੇ ਕਹਿਣ 'ਤੇ ਹੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵਲੋਂ ਅਜਿਹੇ ਬਿਆਨ ਦੇ ਕੇ ਡਰਾਇਆ ਜਾ ਰਿਹਾ ਹੈ ਪਰ ਇਸ ਦਾ ਡਟ ਕੇ ਮੁਕਾਬਲਾ ਅਕਾਲੀ ਦਲ ਕਰੇਗਾ | ਵਿਧਾਇਕ ਕੁਲਵੰਤ ਸਿੰਘ ਨੇ ਗਲਤ ਬਿਆਨ ਦੇਣ ਦੇ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਇਹ ਕਿਹਾ ਹੈ ਕਿ ਹੁਣ ਤੱਕ ਜੋ ਸਤ੍ਹਾ ਵਿਚ ਪਾਰਟੀਆਂ ਰਹੀਆਂ ਹਨ | ਉਨ੍ਹਾਂ ਨੇ 19 ਵਿਕਾਸ ਕਾਰਜਾਂ ਦੇ ਕੰਮ ਕੀਤੇ ਹਨ ਤਾਂ ਅਸੀ 21 ਕਰਕੇ ਦਿਖਾਵਾਂਗੇ ਪਰ ਇਨ੍ਹਾਂ ਨੂੰ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭ ਰਹੇ ਇਸ ਕਰਕੇ ਬੌਖਲਾਹਟ ਵਿਚ ਆ ਕੇ ਮੇਰੇ ਖਿਲਾਫ ਬਿਆਨ ਦੇ ਰਹੇ ਹਨ |