ਨਾਭਾ, 14 ਮਈ (ਜਗਨਾਰ ਸਿੰਘ ਦੁਲੱਦੀ)-ਮਹਾਨ ਸਿੱਖ ਯੋਧੇ ਅਤੇ ਸਿੱਖ ਇਤਿਹਾਸ ਦੇ ਮਹਾਨ ਨਿਰਮਾਤਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਅਤੇ ਇਤਿਹਾਸਕ ਸਮਾਗਮ 17 ਮਈ ਨੂੰ ਸਥਾਨਕ ਵਿਸ਼ਵਕਰਮਾ ਭਵਨ, ਭਾਦਸੋਂ ਰੋਡ (ਨੇੜੇ ਰੋਹਟੀ ਪੁਲ) ਵਿਖੇ ਕਰਵਾਇਆ ਜਾ ਰਿਹਾ ਹੈ, ਜੋ ਕਿ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਨਾਭਾ ਵਲੋਂ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਚਰਨ ਸਿੰਘ ਰਲਹਨ, ਚੇਅਰਮੈਨ ਭਗਵੰਤ ਸਿੰਘ ਰਾਮਗੜ੍ਹੀਆ, ਭਗਵੰਤ ਸਿੰਘ ਮੰਨਕੂ ਅਤੇ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਇਤਿਹਾਸਕ ਯੋਗਦਾਨ ਅਤੇ ਕੌਮ ਪ੍ਰਤੀ ਨਿਭਾਈਆਂ ਵਿਸ਼ੇਸ਼ ਸੇਵਾਵਾਂ ਨੂੰ ਯਾਦ ਕਰਦਿਆਂ ਇਹ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਆਗੂਆਂ ਨੇ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਸਮਾਗਮ ਵਿਚ ਪਹੁੰਚਣ ਵਾਲੇ ਵਿਸ਼ੇਸ਼ ਮਹਿਮਾਨਾਂ ਅਤੇ ਸੰਗਤਾਂ ਲਈ ਵਿਸੇਸ ਪ੍ਰਬੰਧ ਕੀਤੇ ਗਏ ਹਨ | ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਨਾਭਾ ਵਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਹਰ ਵਰਗ ਦੇ ਲੋਕਾਂ ਨੂੰ ਸਮੇਂ ਸਿਰ ਪਹੁੰਚ ਕੇ ਸਮਾਗਮ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਗਈ ਹੈ |