ਕਰਾਉਣੀਆਂ ਡਿਊਟੀਆਂ ਤੇ ਕਰਨੀ ਬੇਕਦਰੀ... ਜਨਗਣਨਾ ਦਾ ਸਾਮਾਨ ਲੈਣ ਪੁੱਜੇ ਅਧਿਆਪਕ ਹੋਏ ਖੱਜਲ-ਖੁਆਰ
ਅਜੀਤ ਡੈਸਕ
16-05-2026
ਪਟਿਆਲਾ, 15 ਮਈ-ਸੂਬੇ ਅੰਦਰ ਜਨਗਣਨਾ ਕਰਵਾਉਣ ਲਈ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਤਹਿਤ ਕੁਝ ਦਿਨ ਤੋਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ ਅਤੇ ਹੁਣ ਜਨਗਣਨਾ ਲਈ ਪਟਿਆਲਾ ਪ੍ਰਸ਼ਾਸਨ ਵਲੋਂ ਸਥਾਨਕ ਬਿਕਰਮ ਕਾਲਜ ਵਿਖੇ ਸਮਾਨ ਲੈਣ ਲਈ ਬੁਲਾਇਆ ਗਿਆ ਸੀ | ਜਿਥੇ ਵੱਡੀ ਗਿਣਤੀ 'ਚ ਪਹੁੰਚੇ ਅਧਿਆਪਕਾਂ ਵਲੋਂ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਜ਼ਿਲਾ ਦਿਹਾਤੀ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਹੁੰਚੇ ਅਧਿਆਪਕਾਂ ਦਾ ਕਹਿਣਾ ਸੀ ਕਿ ਉਨਾਂ ਨੂੰ ਪ੍ਰਸ਼ਾਸਨ ਵਲੋਂ ਸਵੇਰ ਦਾ ਸੱਦਿਆ ਹੋਇਆ ਹੈ ਅਤੇ ਬਿਨਾਂ ਕਿਸੇ ਚਾਹ-ਪਾਣੀ ਜਾਂ ਖਾਣੇ ਦੇ ਸ਼ਾਮ ਤੱਕ ਬਿਠਾ ਕੇ ਰੱਖਿਆ ਅਤੇ ਦੇਰ ਸ਼ਾਮ ਸਮਾਨ ਦਿੱਤਾ | ਇਥੇ ਇਹ ਵੀ ਦੱਸਣਯੋਗ ਹੈ ਕਿ ਜੋ ਅਧਿਆਪਕ ਸਮਾਨ ਲੈਣ ਲਈ ਸਕੂਲ ਤੋਂ ਦੋ-ਤਿੰਨ ਘੰਟੇ ਦਾ ਸਮਾਂ ਕੱਢ ਕੇ ਆਏ ਸੀ ਉਹ ਜਦੋਂ ਸ਼ਾਮ ਤੱਕ ਵਿਹਲੇ ਨਹੀਂ ਹੋਏ ਤਾਂ ਪਿੱਛੋਂ ਉਨਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਕੌਣ ਵਾਲੀ ਵਾਰਸ ਸੀ ਇਹ ਕਿਸੇ ਨੂੰ ਨਹੀਂ ਪਤਾ | ਦੱਸਣ ਮੁਤਾਬਿਕ ਬਹੁਤੇ ਅਧਿਆਪਕ ਇਹ ਸੋਚ ਕੇ ਕਾਲਜ ਪਹੁੰਚੇ ਸਨ ਕਿ ਉਹ ਕੁਝ ਸਮੇਂ ਵਿਚ ਵਿਹਲੇ ਹੋ ਕੇ ਦੁਬਾਰਾ ਸਕੂਲ ਜਾ ਕੇ ਆਪਣੇ ਦੁਪਹਿਰ ਦਾ ਖਾਣਾ ਖਾ ਸਕਣਗੇ ਅਤੇ ਬੱਚਿਆਂ ਨੂੰ ਪੜ੍ਹਾ ਸਕਣਗੇ | ਪ੍ਰੰਤੂ ਬਿਕਰਮ ਕਾਲਜ ਵਿਚ ਜਨਗਣਨਾ ਦਾ ਸਮਾਨ ਦੇਣ ਵਾਲੇ ਅਧਿਕਾਰੀਆਂ ਦੀ ਢਿੱਲੀ ਚਾਲ ਅਤੇ ਗੈਰ ਪ੍ਰਬੰਧਨ ਕਾਰਨ ਬਹੁਤੇ ਅਧਿਆਪਕ ਇਸ ਗਰਮੀ ਦੇ ਮੌਸਮ ਵਿਚ ਤੰਗ ਹੁੰਦੇ ਨਜ਼ਰ ਆਏ | ਕਈ ਅਧਿਆਪਕਾਂ ਵਲੋਂ ਆਪਣਾ ਨਾਮ ਨਾ ਦੱਸਣ 'ਤੇ ਇਹ ਵੀ ਦੋਸ਼ ਲਗਾਏ ਗਏ ਹਨ ਕਿ ਉਨਾਂ ਨੂੰ ਡਿਊਟੀਆਂ ਦੂਰ ਦਿੱਤੀਆਂ ਅਤੇ ਬਹੁਤੇ ਪਿੰਡਾਂ ਨੂੰ ਲੱਭਣ ਵਿਚ ਵੀ ਸਮਾਂ ਲੱਗ ਰਿਹਾ ਹੈ | ਦੱਸਣਯੋਗ ਹੈ ਕਿ ਜਨਗਣਨਾ ਦੀ ਡਿਊਟੀ ਸਕੂਲ ਸਮੇਂ ਤੋਂ ਬਾਅਦ ਕਰਨ ਲਈ ਆਖਿਆ ਗਿਆ ਹੈ ਹੁਣ ਇਥੇ ਇਕ ਵੱਡਾ ਸਵਾਲ ਪੈਦਾ ਹੁੰਦਾ ਹੈ ਜੇਕਰ ਕਿਸੇ ਅਧਿਆਪਕ ਨੂੰ ਉਸ ਦਾ ਸਟੇਸ਼ਨ 20-25 ਕਿੱਲੋਮੀਟਰ ਜਾਂ ਉਸ ਤੋਂ ਦੂਰ ਮਿਲਦਾ ਹੈ ਤਾਂ ਉਹ ਸਕੂਲੋਂ ਕਦੋਂ ਵਿਹਲਾ ਹੋਵੇਗਾ ਅਤੇ ਕਦੋਂ ਇੰਨੀ ਦੂਰ ਜਾ ਕੇ ਜਨਗਣਨਾ ਦਾ ਕੰਮ ਕਰਕੇ ਕਿਸ ਸਮੇਂ ਘਰ ਵਾਪਸ ਆਵੇਗਾ | ਭੜਕੇ ਅਧਿਆਪਕਾਂ ਨੇ ਕਿਹਾ ਕਿ ਇਹੋ ਜਿਹੇ ਮਾੜੇ ਪ੍ਰਬੰਧਾਂ ਦੇ ਦਬਾਅ ਕਾਰਨ ਪਹਿਲਾਂ ਵੀ ਐਸਆਈਆਰ ਕਰਕੇ ਇਕ ਬੀਐਲਓ ਦੀ ਮੌਤ ਹੋ ਗਈ ਹੈ ਅਤੇ ਮੁੜ ਕੇ ਉਸ ਅਧਿਆਪਕ ਦੇ ਪਰਿਵਾਰਕ ਮੈਂਬਰਾਂ ਦਾ ਕੋਈ ਵਾਲੀ ਵਾਰਸ ਨਹੀਂ ਬਣਿਆ | ਇਸ ਮੌਕੇ ਗੱਲਬਾਤ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਜ਼ਿਲਾ ਦਿਹਾਤੀ ਪ੍ਰਸ਼ਾਸਨ ਵਲੋਂ ਅਧਿਆਪਕਾਂ ਨੂੰ ਗਰਮੀ ਦੇ ਮੌਸਮ ਬਿਨਾਂ ਕੁਝ ਚਾਹ ਪਾਣੀ ਦਿੱਤੇ ਸਾਰਾ ਦਿਨ ਖੱਜਲ ਕੀਤਾ ਗਿਆ ਅਤੇ ਪ੍ਰਸ਼ਾਸਨ ਵਲੋਂ ਅਧਿਆਪਕਾਂ ਦੀਆਂ ਡਿਊਟੀਆਂ 50-50 ਕਿੱਲੋਮੀਟਰ ਦੂਰ ਜਬਰੀ ਲਗਾ ਦਿੱਤੀਆਂ ਹਨ | ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਆਪਣੇ ਸਟੇਸ਼ਨਾਂ ਤੋਂ ਦੂਰੀ ਲਗਾਈਆਂ ਜਾਣ ਵਾਲੀਆਂ ਡਿਊਟੀਆਂ ਨੂੰ ਛੇਤੀ ਤੋਂ ਛੇਤੀ ਠੀਕ ਕਰਕੇ ਨੇੜਲੇ ਖੇਤਰ ਦਿੱਤੇ ਜਾਣ |