ਪੰਜਾਬ ਸਰਕਾਰ ਵਲੋਂ ਪੁਸਤਕ ਸੱਭਿਆਚਾਰ ਕਰਨ ਲਈ ਨਵਾਂ ਉੱਦਮ
ਅਜੀਤ ਡੈਸਕ
16-05-2026
ਪਟਿਆਲਾ, 15 ਮਈ (ਗੁਰਵਿਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ | ਇਸ ਕਾਰਜ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਨੂੰ ਸੌਂਪੀ ਗਈ ਹੈ | ਡਾਇਰੈਕਟਰ ਭਾਸ਼ਾਵਾਂ ਦੀ ਅਗਵਾਈ 'ਚ ਇਸ ਗ੍ਰਾਂਟ ਤਹਿਤ ਵਿਭਾਗ ਵਲੋਂ ਸੂਬੇ ਦੀਆਂ ਪੇਂਡੂ ਲਾਇਬਰੇਰੀਆਂ, ਸਕੂਲਾਂ ਤੇ ਕਾਲਜਾਂ ਨੂੰ ਪੁਸਤਕਾਂ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਗ੍ਰਾਂਟ ਤਹਿਤ ਜਿੰਨੀ ਰਾਸ਼ੀ ਦੀਆਂ ਪੁਸਤਕਾਂ ਕੋਈ ਸੰਸਥਾ ਖਰੀਦੇਗੀ, ਓਨੇ ਮੁੱਲ ਦੀਆਂ ਕਿਤਾਬਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਸੰਬੰਧੀ ਵਿਭਾਗ ਦੇ ਸਹਾਇਕ ਨਿਰਦੇਸ਼ਕ (ਸੇਲ) ਤੇਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗ੍ਰਾਂਟ ਤਹਿਤ ਪੁਸਤਕਾਂ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ | ਇਹ ਪੁਸਤਕਾਂ ਪੇਂਡੂ ਲਾਇਬਰੇਰੀ ਦੇ ਲੈਟਰ ਪੈਡ ਜਾਂ ਪਿੰਡ ਦੇ ਸਰਪੰਚ ਤੋਂ ਤਸਦੀਕਸ਼ੁਦਾ ਪੱਤਰ ਅਤੇ ਵਿੱਦਿਅਕ ਸੰਸਥਾਵਾਂ ਦੇ ਮੁਖੀ ਵਲੋਂ ਲਿਖੇ ਬਿਨੈ ਪੱਤਰ ਰਾਹੀਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ | ਇਸ ਯੋਜਨਾ ਦਾ ਪਹਿਲਾਂ ਆਓ, ਪਹਿਲਾਂ ਪਾਓ ਤਹਿਤ ਲਾਭ ਲਿਆ ਜਾ ਸਕਦਾ ਹੈ¢