ਪਟਿਆਲਾ, 20 ਮਈ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਕਰਵਾਏ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ''ਸੋਸ਼ਲ ਵਰਕ ਇੰਟਰਵੇਂਸਨ ਇੰਨ ਪ੍ਰੀਜਨਜ਼'' ਵਿਚ ਵਿਸ਼ੇਸ਼ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨੇ ਜੇਲ੍ਹ ਸੁਧਾਰ, ਕੈਦੀਆਂ ਦੀ ਮਨੋਵਿਗਿਆਨਕ ਸਹਾਇਤਾ, ਨਸ਼ਾ ਮੁਕਤੀ ਉਪਰਾਲਿਆਂ ਅਤੇ ਸਮਾਜਿਕ ਪੁਨਰਵਾਸ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਲਗਭਗ 40 ਭਾਗੀਦਾਰਾਂ ਨੇ ਹਿੱਸਾ ਲਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜੇਲ੍ਹ ਅੰਦਰ ਸਮਾਜਿਕ ਕਾਰਜ ਹਸਤਖੇਪਾਂ ਨੂੰ ਮਜ਼ਬੂਤ ਕਰਨਾ ਅਤੇ ਕੈਦੀਆਂ ਦੀ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਭਲਾਈ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕਰਨਾ ਹੈ | ਡਾ. ਬਲਬੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇਲ੍ਹਾਂ ਨੂੰ ਸਿਰਫ ਸਜ਼ਾ ਦੇ ਕੇਂਦਰ ਵਜੋਂ ਨਹੀਂ, ਸਗੋਂ ਸੁਧਾਰ ਅਤੇ ਪੁਨਰਵਾਸ ਕੇਂਦਰਾਂ ਵਜੋਂ ਵਿਕਸਿਤ ਕਰਨਾ ਸਮੇਂ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਕੈਦੀਆਂ ਨੂੰ ਸਹੀ ਦਿਸ਼ਾ, ਮਨੋਵਿਗਿਆਨਕ ਸਹਾਇਤਾ ਅਤੇ ਨਸ਼ਾ ਮੁਕਤੀ ਸੇਵਾਵਾਂ ਪ੍ਰਦਾਨ ਕਰਕੇ ਹੀ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੋੜਿਆ ਜਾ ਸਕਦਾ ਹੈ | ਸਿਹਤ ਮੰਤਰੀ ਨੇ ਇਹ ਵੀ ਜੋਰ ਦਿੱਤਾ ਕਿ ਜੇਲ੍ਹ ਅੰਦਰ ਗੁਣਵੱਤਾ ਵਾਲੀਆਂ ਨਸ਼ਾ ਮੁਕਤੀ ਅਤੇ ਮਨੋਵਿਗਿਆਨਕ ਭਲਾਈ ਸੇਵਾਵਾਂ ਦੀ ਸ਼ੁਰੂਆਤ ਇਕ ਮਹੱਤਵਪੂਰਨ ਕਦਮ ਹੈ, ਜੋ ਕੈਦੀਆਂ ਦੀ ਸਿਹਤ ਅਤੇ ਮਾਨਸਿਕ ਖ਼ੁਸ਼ਹਾਲੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਤ ਹੋਵੇਗਾ | ਉਨ੍ਹਾਂ ਅਨੁਸਾਰ ਨਸ਼ਾ ਮੁਕਤੀ ਪ੍ਰੋਗਰਾਮ ਸਿਰਫ ਇਲਾਜ ਨਹੀਂ, ਸਗੋਂ ਇਕ ਲੰਬੀ ਮਿਆਦ ਵਾਲੀ ਸਮਾਜਿਕ ਪੁਨਰਵਾਸ ਪ੍ਰਕਿਰਿਆ ਹੈ, ਜਿਸ ਵਿਚ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਦੀ ਸਾਂਝੀ ਭੂਮਿਕਾ ਜ਼ਰੂਰੀ ਹੈ | ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਜੇਲ੍ਹ ਪ੍ਰਣਾਲੀ ਨੂੰ ਹੋਰ ਸੰਵੇਦਨਸ਼ੀਲ, ਪ੍ਰਭਾਵਸ਼ਾਲੀ ਅਤੇ ਸਮਰੱਥ ਬਣਾਉਣ ਲਈ ਵਚਨਬੱਧ ਹੈ | ਇਸ ਦਿਸ਼ਾ ਵਿਚ ਮਨੋਵਿਗਿਆਨਕ ਸੇਵਾਵਾਂ, ਕੌਂਸਲਿੰਗ ਸਿਸਟਮ, ਸਕਿਲ ਡਿਵੈਲਪਮੈਂਟ ਪ੍ਰੋਗਰਾਮ ਅਤੇ ਪੁਨਰਵਾਸ ਯੋਜਨਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਕੈਦੀ ਜੇਲ੍ਹ ਤੋਂ ਬਾਹਰ ਆ ਕੇ ਇਕ ਜ਼ਿੰਮੇਵਾਰ ਅਤੇ ਉਤਪਾਦਕ ਜੀਵਨ ਜੀਅ ਸਕਣ | ਡਾ. ਬਲਬੀਰ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਜਿਕ ਕਾਰਜਕਰਤਾ ਜੇਲ੍ਹ ਸੁਧਾਰ ਪ੍ਰਕਿਰਿਆ ਦੀ ਇਕ ਮਹੱਤਵਪੂਰਨ ਕੜੀ ਹਨ ਅਤੇ ਉਨ੍ਹਾਂ ਦੀ ਭੂਮਿਕਾ ਕੈਦੀਆਂ ਦੀ ਸੋਚ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਵਿਚ ਅਹਿਮ ਹੈ | ਇਸ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਜੇਲ੍ਹ ਪ੍ਰਣਾਲੀ ਵਿਚ ਨਵੀਂ ਸੋਚ ਅਤੇ ਮਾਨਵਤਾ-ਕੇਂਦਰਤ ਦਿ੍ਸ਼ਟੀਕੋਣ ਨੂੰ ਉਤਸ਼ਾਹਿਤ ਕਰਦੇ ਹਨ |