ਪਟਿਆਲਾ, 20 ਮਈ (ਧਰਮਿੰਦਰ ਸਿੰਘ ਸਿੱਧੂ)-ਕਰਮਚਾਰੀਆਂ ਦੀ ਭਲਾਈ ਅਤੇ ਵਿੱਤੀ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇਕ ਵੱਡਾ ਕਦਮ ਚੁੱਕਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸਟੇਟ ਬੈਂਕ ਆਫ਼ ਇੰਡੀਆ ਨਾਲ ਇਕ ਸਮਝੌਤਾ ਸਹੀ ਬੰਦ ਕੀਤਾ ਹੈ | ਇਸ ਸਮਝੌਤੇ ਤਹਿਤ ਇਕ ਅਪਗ੍ਰੇਡਡ ਕਾਰਪੋਰੇਟ ਸੈਲਰੀ ਪੈਕੇਜ ਸ਼ੁਰੂ ਕੀਤਾ ਗਿਆ ਹੈ, ਜੋ ਵਿਸ਼ੇਸ਼ ਤੌਰ 'ਤੇ ਉਨ੍ਹਾਂ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਨੂੰ ਬਿਹਤਰ ਬੈਂਕਿੰਗ ਸਹੂਲਤਾਂ, ਵਿੱਤੀ ਸਹਾਇਤਾ ਅਤੇ ਵੱਡੇ ਬੀਮਾ ਲਾਭ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੇ ਸੈਲਰੀ ਖਾਤੇ ਐਸ.ਬੀ.ਆਈ. ਵਿਚ ਹਨ | ਮੌਜੂਦਾ ਸਮੇਂ ਵਿਚ, ਪੀ.ਐਸ.ਪੀ.ਸੀ.ਐਲ. ਦੇ ਲਗਭਗ 80 ਫ਼ੀਸਦੀ ਕਰਮਚਾਰੀਆਂ ਦੇ ਸੈਲਰੀ ਖਾਤੇ ਪਹਿਲਾਂ ਹੀ ਐਸ.ਬੀ.ਆਈ. ਵਿਚ ਹਨ | ਇਸ ਨਵੇਂ ਸਮਝੌਤੇ ਤਹਿਤ, ਐਸ.ਬੀ.ਆਈ. ਇਨ੍ਹਾਂ ਮੌਜੂਦਾ ਖਾਤਿਆਂ ਨੂੰ ਆਟੋਮੈਟਿਕ ਤੌਰ 'ਤੇ ਅਪਗ੍ਰੇਡਡ ਸੀ.ਐਸ.ਪੀ. ਫਰੇਮਵਰਕ ਨਾਲ ਜੋੜ ਦੇਵੇਗਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਵਧੇਰੇ ਲਾਭ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰਮਚਾਰੀਆਂ ਤੱਕ ਪਹੁੰਚ ਸਕਣ | ਇਸ ਵਧੇਰੇ ਲਾਭਾਂ ਵਾਲੇ ਕਾਰਪੋਰੇਟ ਸੈਲਰੀ ਪੈਕੇਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਜਿਵੇਂ ਕਿ ਮੁਫ਼ਤ ਨਿੱਜੀ ਦੁਰਘਟਨਾ ਬੀਮਾ (ਮੌਤ/ਸੰਪੂਰਨ ਸਥਾਈ ਅਪੰਗਤਾ), ਐਸ.ਬੀ.ਆਈ. ਵਲੋਂ ਸੀ.ਐਸ.ਪੀ. ਤਹਿਤ ਐਸ.ਬੀ.ਆਈ. ਰਾਹੀਂ ਤਨਖ਼ਾਹ ਲੈਣ ਵਾਲੇ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਨੂੰ 1 ਕਰੋੜ ਦਾ ਵਧੇਰੇ ਮੁਫ਼ਤ ਬੀਮਾ ਕਵਰ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਆਂਸ਼ਿਕ ਸਥਾਈ ਅਪੰਗਤਾ ਕਵਰ ਦੌਰਾ ਕਰਮਚਾਰੀ ਦੀ ਆਂਸ਼ਿਕ ਸਥਾਈ ਅਪੰਗਤਾ ਦੀ ਸੂਰਤ ਵਿਚ 80 ਲੱਖ ਰੁਪਏ ਤੱਕ ਦਾ ਕਵਰ ਅਤੇ ਗਰੁੱਪ ਟਰਮ ਲਾਈਫ਼ ਇੰਸ਼ੋਰੈਂਸ ਦੇ ਪੈਕੇਜ ਦੇ ਤਹਿਤ 10 ਲੱਖ ਰੁਪਏ ਦੀ ਵਾਧੂ ਵਿੱਤੀ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਗਿਆ ਹੈ | ਇਹ ਪੈਕੇਜ ਪੀ.ਐਸ.ਪੀ.ਸੀ.ਐਲ. ਦੇ ਸਾਰੇ ਕਰਮਚਾਰੀਆਂ ਲਈ ਪੂਰੀ ਤਰ੍ਹਾਂ ਸਵੈ-ਇੱਛਿਤ ਹੈ ਅਤੇ ਖਾਤਾ ਧਾਰਕਾਂ _ਤੇ ਇਸ ਦਾ ਕੋਈ ਵੀ ਵਾਧੂ ਵਿੱਤੀ ਬੋਝ ਜਾਂ ਦੇਣਦਾਰੀ ਨਹੀਂ ਪਵੇਗੀ | ਇਹ ਰਣਨੀਤਕ ਗੱਠਜੋੜ ਪੀ.ਐਸ.ਪੀ.ਸੀ.ਐਲ. ਵਲੋਂ ਆਪਣੇ ਕਰਮਚਾਰੀਆਂ ਨੂੰ ਵਧੀਆ ਬੈਂਕਿੰਗ ਸਹੂਲਤਾਂ ਅਤੇ ਮਜ਼ਬੂਤ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੀ ਲਗਾਤਾਰ ਕੋਸ਼ਿਸ਼ ਨੂੰ ਦਰਸਾਉਂਦਾ ਹੈ | ਆਮ ਬੈਂਕਿੰਗ ਸੇਵਾਵਾਂ ਤੋਂ ਇਲਾਵਾ, ਇਸ ਸਮਝੌਤੇ ਦਾ ਮੁੱਖ ਉਦੇਸ਼ ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ ਜਾਂ ਉਨ੍ਹਾਂ ਦੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਡਿਊਟੀ ਦੌਰਾਨ ਕਿਸੇ ਮੰਦਭਾਗੀ ਘਾਤਕ ਜਾਂ ਗੰਭੀਰ ਦੁਰਘਟਨਾ ਦਾ ਸ਼ਿਕਾਰ ਹੋਣ ਦੀ ਸੂਰਤ ਵਿਚ ਵੱਡੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ |