ਪਟਿਆਲਾ, 20 ਮਈ (ਅ. ਸ. ਆਹਲੂਵਾਲੀਆ)-ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੇ ਚੱਲ ਰਹੇ ਨਵੀਨੀਕਰਨ ਕਾਰਜਾਂ ਦਾ ਜਾਇਜ਼ਾ ਲੈਣ ਲਈ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਨੇ ਆਰਕੀਟੈਕਟ ਟੀਮ ਸਮੇਤ ਲੋਕ ਨਿਰਮਾਣ, ਜਨ ਸਿਹਤ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਿ੍ਤਾ ਜੌਹਲ ਵੀ ਮੌਜੂਦ ਸਨ | ਐਡਵਾਈਜ਼ਰੀ ਕਮੇਟੀ ਮੈਂਬਰਾਂ ਸੀ.ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਮੰਦਿਰ ਦੇ ਨਵੀਨੀਕਰਨ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਇਸ ਅਹਿਮ ਕਾਰਜ ਨੂੰ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ | ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਿਰ ਦੇ ਨਵੀਨੀਕਰਨ ਨੂੰ ਬਹੁਤ ਹੀ ਧਾਰਮਿਕ ਭਾਵਨਾ, ਪੂਰੀ ਸ਼ਰਧਾ ਤੇ ਧਾਰਮਿਕ ਆਸਥਾ ਮੁਤਾਬਿਕ ਤੇਜ਼ੀ ਨਾਲ ਮੁਕੰਮਲ ਕਰਵਾਇਆ ਜਾ ਰਿਹਾ ਹੈ, ਜਿਸ ਲਈ ਬਹੁਤ ਹੀ ਉਚ ਕੋਟੀ ਦੇ ਆਰਕੀਟੈਕਟਾਂ ਦੀ ਟੀਮ ਪੂਰੀ ਸ਼ਰਧਾ ਭਾਵਨਾ ਨਾਲ ਕੰਮ ਕਰ ਰਹੀ ਹੈ | ਅਜੇ ਅਲੀਪੁਰੀਆ ਨੇ ਦੱਸਿਆ ਕਿ ਮੰਦਿਰ ਦੇ ਸਰੋਵਰ 'ਚ ਇਕ ਪਾਸੇ ਫ਼ਰਸ਼ ਦਾ ਕੰਮ ਹੋ ਚੁੱਕਾ ਹੈ ਤੇ ਦੂਜੇ ਪਾਸੇ ਫ਼ਰਸ਼ ਲਗਾਉਣ ਲਈ ਆਰ.ਸੀ.ਸੀ. ਦਾ ਕੰਮ ਚੱਲ ਰਿਹਾ ਹੈ ਅਤੇ ਇੱਥੇ ਭਰਨ ਲਈ ਡਰੇਨੇਜ ਵਿਭਾਗ ਵਲੋਂ ਭਾਖੜਾ ਨਹਿਰ 'ਚੋਂ ਪਾਣੀ ਰਜਿੰਦਰਾ ਟੈਂਕ ਕੋਲ ਪਹੁੰਚਾ ਦਿੱਤਾ ਗਿਆ ਹੈ | ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮਾਤਾ ਸ੍ਰੀ ਰਾਜ ਰਾਜੇਸ਼ਵਰੀ ਦੇ ਨੇੜੇ ਉਚੇ ਨੀਵੇਂ ਤੇ ਖ਼ਰਾਬ ਹੋ ਚੁੱਕੇ ਫ਼ਰਸ਼ਾਂ ਕਰਕੇ ਸ਼ਰਧਾਲੂਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ, ਉਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਮਾਤਾ ਦੇ ਸ਼ਰਧਾਲੂਆਂ ਨੂੰ ਇਸੇ ਸਾਲ ਦੇ ਅੰਤ ਤੱਕ ਬਹੁਤ ਹੀ ਸ਼ਾਨਦਾਰ ਤੇ ਭੱਵਯ ਮੰਦਿਰ ਦੇ ਦਰਸ਼ਨ ਹੋਣਗੇ |