ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਚ ਦਵਾਈਆਂ ਦੀਆਂ ਆਨ ਲਾਈਨ ਵਿਕਰੀ ਦੇ ਵਿਰੋਧ 'ਚ ਕੁਝ ਦੁਕਾਨਾਂ ਨੂੰ ਛੱਡ ਕੇ ਬਹੁਤੀਆਂ ਦੁਕਾਨਾਂ ਇਕ ਦਿਨ ਲਈ ਬੰਦ ਰਹੀਆਂ | ਇਸ ਮੌਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਜੀਵ ਚੌਧਰੀ, ਜਗਦੀਸ਼ ਜੱਗੀ ਪ੍ਰਧਾਨ ਰਾਜਪੁਰਾ ਨੇ ਕਿਹਾ ਕਿ ਦਵਾਈਆਂ ਨਾਲ ਮਰੀਜ਼ਾਂ ਦੀ ਜਾਨ ਬਚਾਈ ਜਾਂਦੀ ਹੈ ਪਰ ਜਿਹੜੀਆਂ ਕੰਪਨੀਆਂ ਆਨ ਲਾਈਨ ਦਵਾਈਆਂ ਭੇਜਣ ਦਾ ਧੰਦਾ ਕਰਦੀਆਂ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਕੇ ਹਰ ਦਵਾਈ ਨੂੰ ਉਚਿਤ ਤਾਪਮਾਨ ਚਾਹੀਦਾ ਹੁੰਦਾ ਹੈ | ਕਈ ਦਵਾਈਆਂ ਫ਼ਰਿਜਾਂ ਵਿਚ ਰੱਖੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਉਚਿਤ ਤਾਪਮਾਨ ਮਿਲੇ ਜਿਸ ਨਾਲ ਉਹ ਖ਼ਰਾਬ ਨਾ ਹੋਣ ਪਰ ਉਹੀ ਦਵਾਈ ਜੇਕਰ ਲੋਕ ਆਨਲਾਈਨ ਮੰਗਵਾਉਂਦੇ ਹਨ, ਜਿਹੜੀ 40 ਡਿਗਰੀ ਤੋਂ ਵੱਧ ਤਾਪਮਾਨ ਤੇ ਪੈਕਟਾਂ ਵਿਚ ਬੰਦ ਹੋ ਕੇ ਸਪਲਾਈ ਹੁੰਦੀ ਹੈ ਉਹ ਠੀਕ ਕਿਸ ਤਰ੍ਹਾਂ ਰਹਿ ਸਕਦੀ ਹੈ | ਉਨ੍ਹਾਂ ਦੱਸਿਆ ਕਿ ਕੌਰੋਨਾ ਕਾਲ ਵਿਚ ਦਵਾਈਆਂ ਦੀਆਂ ਦੁਕਾਨਾਂ ਨਾਂਹ ਖੁੱਲ੍ਹਣ ਕਾਰਨ, ਲੋਕਾਂ ਦੀ ਪ੍ਰੇਸ਼ਾਨ ਨੂੰ ਦੇਖਦੇ ਹੋਏ ਸਰਕਾਰਾਂ ਨੇ 6 ਮਹੀਨੇ ਲਈ ਆਨ ਲਾਈਨ ਵਿਕਰੀ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਉਸੇ ਆੜ ਵਿਚ ਕੰਪਨੀਆਂ ਹੁਣ ਤਕ ਇਹ ਦਵਾਈਆਂ ਵੇਚ ਰਹੀਆਂ ਹਨ | ਇਸ ਧੰਦੇ ਨੂੰ ਬੰਦ ਕਰਵਾਉਣ ਲਈ ਅੱਜ ਸਾਰੇ ਦੇਸ਼ ਵਿਚ ਦਵਾਈ ਵਿਕੇ੍ਰਤਾਵਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ ਪਰ ਸ਼ਹਿਰ ਵਿਚ ਕੁਝ ਦਵਾਈ ਵਿਕੇ੍ਰਤਾਵਾਂ ਵਲੋਂ ਖੁੱਲ੍ਹੀਆਂ ਰੱਖੀਆਂ ਜਾਣ ਤੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਰ ਜਥੇਬੰਦੀ 'ਚ ਕੁੱਝ ਕਾਲੀਆਂ ਭੇਡਾਂ ਹੁੰਦੀਆਂ ਹੀ ਹਨ ਤੇ ਉਹ ਲਾਭ ਤਾਂ ਜੋ ਸਾਰਿਆਂ ਨੂੰ ਮਿਲਦਾ ਹੈ ਉਸ ਦੇ ਭਾਗੀਦਾਰ ਬਣਦੇ ਹਨ ਪਰ ਸੰਘਰਸ਼ ਵੇਲੇ ਕਦੀ ਨਾਲ ਨਹੀਂ ਚਲਦੇ | ਇਸ ਮੌਕੇ ਜਗਦੀਸ਼ ਵੱਧਵਾ ਜਨਰਲ ਸਕੱਤਰ, ਚੇਅਰਮੈਨ ਭਗਵਾਨ ਜੌਲੀ, ਰਾਜੇਸ਼ ਕੁਮਾਰ ਤਨੇਜਾ, ਮਲਕੀਤ ਖਰੋਲਾ ਸਮੇਤ ਵੱਡੀ ਗਿਣਤੀ 'ਚ ਦਵਾਈ ਵਿਕਰੇਤਾ ਹਾਜ਼ਰ ਸਨ |