ਦੇਵੀਗੜ੍ਹ, 23 ਮਈ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗ਼ਾਨਾ ਦੇ ਹੋਣਹਾਰ ਖਿਡਾਰੀਆਂ ਨੇ 14ਵੀਂ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਦੇ ਤਗਮਿਆਂ ਦੀ ਬਰਸਾਤ ਕਰ ਦਿੱਤੀ ਹੈ | ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ਸਦਕਾ ਨਾ ਸਿਰਫ ਸਕੂਲ ਦਾ ਨਾਮ ਜ਼ਿਲ੍ਹੇ ਭਰ ਵਿਚ ਰੌਸ਼ਨ ਹੋਇਆ ਹੈ, ਬਲਕਿ ਪੂਰੇ ਸਕੂਲ ਵਿਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ | ਚੈਂਪੀਅਨਸ਼ਿਪ ਦੌਰਾਨ ਸਕੂਲ ਦੇ ਚਾਰ ਖਿਡਾਰੀਆਂ ਨੇ ਆਪਣੇ-ਆਪਣੇ ਭਾਰ ਵਰਗ ਵਿਚ ਵਿਰੋਧੀਆਂ ਨੂੰ ਪਛਾੜਦਿਆਂ ਸੋਨ ਤਗਮੇ ਆਪਣੇ ਨਾਮ ਕੀਤੇ | ਇਨ੍ਹਾਂ ਜੇਤੂਆਂ 'ਚ ਸ਼ਾਮਲ ਹਨ ਹਰਜਸ ਸਿੰਘ 42 ਕਿਲੋਗ੍ਰਾਮ ਭਾਰ ਵਰਗ ਸੋਨ ਤਗਮਾ, ਜਸਮੀਨ ਕੌਰ 39 ਕਿਲੋਗ੍ਰਾਮ ਭਾਰ ਵਰਗ ਸੋਨ ਤਗਮਾ, ਰੂਪਕਿਰਨ ਕੌਰ 56 ਕਿਲੋਗ੍ਰਾਮ ਭਾਰ ਵਰਗ ਸੋਨ ਤਗਮਾ ਅਤੇ ਅਰਸ਼ਦੀਪ ਕੌਰ 60 ਕਿਲੋਗ੍ਰਾਮ ਭਾਰ ਵਰਗ ਨੇ ਵੀ ਸੋਨ ਤਗਮਾ ਜਿੱਤਿਆ | ਇਨ੍ਹਾਂ ਸਾਰੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ 'ਤੇ ਆਪਣੀ ਬਿਹਤਰੀਨ ਖੇਡ ਤਕਨੀਕ ਦਾ ਲੋਹਾ ਮਨਵਾਇਆ | ਖਿਡਾਰੀਆਂ ਦੀ ਇਸ ਵੱਡੀ ਸਫਲਤਾ ਦਾ ਸਿਹਰਾ ਜਿੱਥੇ ਬੱਚਿਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ, ਉੱਥੇ ਹੀ ਉਨ੍ਹਾਂ ਦੇ ਕੋਚ ਸ਼ੁਭਮ ਦੇ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੁਬਾਰਕ ਮੌਕੇ 'ਤੇ ਸਕੂਲ ਦੇ ਨਿਰਦੇਸ਼ਕ ਗੌਰਵ ਗੁਲ੍ਹਾਟੀ, ਪ੍ਰਧਾਨ ਸਲੋਨੀ ਗੁਲ੍ਹਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਸੂਦ ਨੇ ਜੇਤੂ ਖਿਡਾਰੀਆਂ ਅਤੇ ਕੋਚ ਸ਼ੁਭਮ ਨੂੰ ਹਾਰਦਿਕ ਵਧਾਈ ਦਿੱਤੀ | ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਨੇ ਉਮੀਦ ਪ੍ਰਗਟਾਈ ਕਿ ਇਹ ਪ੍ਰਾਪਤੀ ਸਕੂਲ ਦੇ ਬਾਕੀ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ | ਸਕੂਲ ਪਰਿਵਾਰ ਵਲੋਂ ਖਿਡਾਰੀਆਂ ਦੇ ਉਜਲੇ ਭਵਿੱਖ ਅਤੇ ਆਉਣ ਵਾਲੀਆਂ ਰਾਜ ਤੇ ਨੈਸ਼ਨਲ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |