ਰਾਜਪੁਰਾ, 24 ਮਈ (ਰਣਜੀਤ ਸਿੰਘ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚਾੜੇ ਗਏ ਸਾਢੇ ਚਾਰ ਲੱਖ ਕਰੋੜ ਦੇ ਕਰਜ਼ੇ ਦੇ ਭਾਰ ਹੇਠ ਬੱਚਾ-ਬੱਚਾ ਦਬਿਆ ਪਿਆ ਹੈ | 'ਆਪ' ਦੇ ਵਿਧਾਇਕ ਦਰਵਾਜੇ ਬੰਦ ਕਰਕੇ ਚੋਣਾਂ ਲੁੱਟਣ ਦੇ ਸ਼ੇਖ਼ਚਿਲੀ ਦੇ ਸੁਪਨੇ ਵੇਖਣੇ ਬੰਦ ਕਰ ਦੇਣ, ਪੰਜਾਬ ਦੇ ਲੋਕੀ ਸੱਤਾਧਾਰੀ ਧਿਰ ਤੋਂ ਅੱਕੇ ਬੈਠੇ ਹਨ ਅਤੇ ਝਾੜੂ ਪਾਰਟੀ ਦੀ ਮੰਜੀ ਠੋਕਣ ਦੀ ਫੁੱਲ ਤਿਆਰੀ ਕੀਤੀ ਹੋਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਗਦੀਸ਼ ਜੱਗਾ ਦੇ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਨਾ ਕੋਈ ਸਰਕਾਰੀ ਹਸਪਤਾਲ ਬਣਾਇਆ ਨਾ ਕੋਈ ਇੰਡਸਟਰੀ ਲਾਈ ਪਰ ਸੂਬੇ ਦੇ ਲੋਕਾਂ ਦੇ ਸਿਰ 'ਤੇ ਲੱਖਾਂ ਕਰੋੜਾਂ ਰੁਪਏ ਦੀ ਕਰਜ਼ੇ ਦੀ ਪੰਡ ਧਰ ਦਿੱਤੀ ਹੈ | ਇਹ ਸਿਰਫ ਮੁਫ਼ਤ ਦੀਆਂ ਰਿਉੜੀਆਂ ਵੰਡਣ ਦਾ ਨਤੀਜਾ ਹੈ | ਉਨ੍ਹਾਂ ਨੇ ਕਿਹਾ ਕਿ 26 ਮਈ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪਰ 'ਆਪ' ਪਾਰਟੀ ਦਾ ਇਕ ਵਿਧਾਇਕ ਇਕ ਕਹਿ ਰਿਹਾ ਹੈ ਕਿ ਅਸੀ ਤਾਂ ਚੋਣਾਂ ਦਰਵਾਜੇ ਬੰਦ ਕਰਦੇ ਲੁੱਟ ਲੈਣੀਆਂ ਹਨ | ਇਹ ਸਭ ਸ਼ੇਖ਼ਚਿਲੀ ਦੇ ਸੁਪਨੇ ਵੇਖਣ ਅਤੇ ਹਨੇਰੇ 'ਚ ਕਾਲੀ ਬਿੱਲੀ ਫੜਨ ਵਰਗੀ ਗੱਲ ਹੈ | ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਦਾ ਡਰ ਨਹੀਂ ਮੰਨਦੇ | ਉਨ੍ਹਾਂ ਨੇ ਕਿਹਾ ਕਿ ਸੂਬੇ ਨੂੰ ਬਦਲਾਅ ਦੇ ਨਾਮ ਤੇ ਸੁਖਾਵੇਂ ਭਵਿੱਖ ਦਾ ਸਬਜ਼ਬਾਗ ਦਿਖਾਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਨੇ ਅਮਨ ਕਾਨੂੰਨ ਦੀ ਸਥਿਤੀ ਬਾਰੇ 'ਚ ਬੋਲਦਿਆਂ ਕਿਹਾ ਕਿ ਅੱਜ ਸੂਬੇ ਵਿਚ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ | ਹਰ ਪਾਸੇ ਗੋਲੀਆਂ ਚੱਲ ਰਹੀਆਂ ਹਨ | ਸੂਬੇ ਵਿਚ ਗੈਂਗਸਟਰਵਾਦ ਦਾ ਬੋਲਬਾਲਾ ਹੈ | ਯੁੱਧ ਨਸ਼ਿਆਂ ਵਿਰੁੱਧ ਦਾ ਹੋਕਾ ਦੇਣ ਵਾਲੀ ਸਰਕਾਰ ਦੇ ਰਾਜ 'ਚ ਨਸ਼ੇ ਦਾ ਕਾਰੋਬਾਰ ਬਰਸਾਤੀ ਘਾਹ ਵਾਂਗ ਵਧਿਆ ਹੈ | ਸੂਬੇ ਵਿਚ ਭਿ੍ਸ਼ਟਾਚਾਰ ਕਿਸੇ ਤੋਂ ਲੁਕਿਆ ਨਹੀਂ ਹੈ | ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਚੰਗੇ ਰਾਜਨੀਤਕ ਰਗੜੇ ਲਾਏ ਅਤੇ ਕਿਹਾ ਕਿ ਆਪਣੀ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਖ਼ਰਾਬ ਕਰਨ ਦੀ ਬਜਾਏ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪਾਉ | ਇਸ ਮੌਕੇ 'ਤੇ ਹੋਰਨਾਂ ਸਮੇਤ ਹਲਕਾ ਇੰਚਾਰਜ ਜਗਦੀਸ਼ ਜੱਗਾ, ਸੀਨੀਅਰ ਆਗੂ ਜਥੇਦਾਰ ਸੁਖਪਾਲ ਸਿੰਘ ਪਾਲਾ, ਐਡਵੋਕੇਟ ਚੌਧਰੀ ਪਰਮਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ, ਆੜ੍ਹਤੀ ਰੁਪਿੰਦਰ ਸਿੰਘ ਰੂਪੀ, ਐਡਵੋਕੇਟ ਚੌਧਰੀ ਸ਼ੇਖਰ ਸਿੰਘ, ਜਨਰਲ ਸੈਕਟਰੀ ਪ੍ਰਦੀਪ ਨੰਦਾ, ਸੀਨੀਅਰ ਆਗੂ ਹਰਵਿੰਦਰ ਸਿੰਘ ਹਰਪਾਲਪੁਰ, ਸਾਬਕਾ ਪਿ੍ੰਸੀਪਲ ਹਰਦੀਪ ਸਿੰਘ ਤੇਜਾ, ਐਡਵੋਕੇਟ ਪਵਨ ਮੁਖੀਜਾ ਅਤੇ ਹੋਰ ਪਾਰਟੀ ਪਾਰਟੀ ਵਰਕਰ ਹਾਜ਼ਰ ਸਨ |