ਸੁਰ੍ਹੋਂ ਤੋਂ ਸੈਦਖੇੜੀ ਵਾਲੀ ਪੱਥਰ ਪਾ ਕੇ ਛੱਡੀ ਸੜਕ ’ਤੇ ਲੁੱਕ ਨਾ ਪੈਣ ’ਤੇ ਇਲਾਕਾ ਵਾਸੀ ਪ੍ਰੇਸ਼ਾਨ
ਰਾਜਪੁਰਾ, 30 ਸਤੰਬਰ (ਜੀ. ਪੀ.
ਰਾਜਪੁਰਾ, 30 ਸਤੰਬਰ (ਜੀ.ਪੀ. ਸਿੰਘ)- ਥਾਣਾ ਖੇੜੀ ਗੰਡਿਆਂ ਅਧੀਨ ਪੈਂਦੇ ਪਿੰਡ ਸੈਦਖੇੜੀ ਤੋਂ ਸੁਰ੍ਹੋਂ ਜਾਣ ਵਾਲੀ ਸੜਕ ਨੀਂਹ ਪੱਥਰ ਰੱਖੇ ਜਾਣ ਤੋਂ ਕਰੀਬ 10 ਮਹੀਨੇ ਬਾਅਦ ਵੀ ਪੱਥਰ ਪਾ ਕੇ ਛੱਡੀ ਸੜਕ ਲੁੱਕ ਪਾਏ ਜਾਣ ਦਾ ਇੰਤਜ਼ਾਰ ਕਰ ਰਹੀ ਹੈ। ਉੱਘੇ ਲੇਖਕ, ਸਮਾਜ ਸੇਵੀ ਤੇ ਚਿੰਤਕ ਜਸਵੰਤ ਸਿੰਘ ਪੂਨੀਆ ਨੇ ਦੱਸਿਆ ਕਿ ਇਸ ਸੜਕ ਦਾ ਨੀਂਹ ਪੱਥਰ ਜਨਵਰੀ 2026 ਨੂੰ ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਰੱਖਿਆ ਸੀ। ਇਸ ਸੜਕ ਦੀ ਪਹਿਲਾਂ ਹੀ ਮੁਰੰਮਤ ਹੋਣ ਦੀ ਵਾਰੀ 12 ਸਾਲ ਬਾਅਦ ਆਈ ਸੀ। ਇਸ ’ਤੇ ਪੱਥਰ ਤਾਂ ਪਾ ਦਿੱਤਾ ਗਿਆ ਪਰ ਵਿਚਾਰਾ ਪੱਥਰ ਲੁੱਕ ਨੂੰ ਉਡੀਕਦਾ-ਉਡੀਕਦਾ ਨਰਾਜ਼ ਹੋ ਕੇ ਖਿਲਰਨ ਲੱਗ ਪਿਆ ਹੈ। ਇਸ ਸੜਕ ’ਤੇ ਬਹੁਤ ਸਾਰੇ ਘਰ ਵੱਸਦੇ ਹਨ ਅਤੇ ਕਈ ਪਿੰਡਾਂ ਨੂੰ ਇਹ ਲਿੰਕ ਸੜਕ ਆਪਸ ਵਿਚ ਜੋੜਦੀ ਹੈ। ਬੱਚਿਆਂ ਨੇ ਸਕੂਲ, ਕਾਲਜ ਪੜ੍ਹਨ ਜਾਣਾ ਹੁੰਦਾ ਹੈ। ਇਸ ਸੜਕ ’ਤੇ ਇਕ ਸ਼ੈਲਰ ਵੀ ਹੈ ਜਿੱਥੇ ਦਾਣਿਆਂ ਦੇ ਭਰੇ ਟਰੱਕ ਆਉਂਦੇ ਹਨ, ਟਰਾਲੀਆਂ ਰਾਹੀਂ ਕਿਸਾਨਾਂ ਦੀਆਂ ਫ਼ਸਲਾਂ ਵੀ ਢੋਈਆਂ ਜਾਂਦੀਆਂ ਹਨ। ਰਾਜਪੁਰਾ ਦੀ ਦਾਣਾ ਮੰਡੀ ਵੱਲ ਜਾਣ ਵਾਲੀ ਇਸ ਸੜਕ ਦੀ ਕਈ ਹੋਰ ਪਿੰਡਾਂ ਦੇ ਕਿਸਾਨ ਵੀ ਵਰਤੋਂ ਕਰਦੇ ਹਨ। ਉਨ੍ਹਾਂ ਸਰਕਾਰ ਅਤੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਕਿ ਰੋੜਿਆਂ ’ਤੋਂ ਹਾਥੀ ਤਾਂ ਲੰਘ ਗਿਆ ਹੁਣ ਲੁੱਕ ਪਵਾ ਕੇ ਪੂਛ ਵੀ ਕੱਢ ਦਿਓ। ਇਸ ਮੌਕੇ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ, ਰਣਜੀਤ ਸਿੰਘ, ਮਟੌਰ ਵਾਲੇ ਡੇਰਿਆਂ ਤੋਂ ਰਣਬੀਰ ਸਿੰਘ, ਕਰਨੈਲ ਸਿੰਘ, ਜਗਤਾਰ ਸਿੰਘ, ਚਰਨ ਸਿੰਘ ਸਮੇਤ ਹੋਰ ਹਾਜ਼ਰ ਸਨ।