ਪਟਿਆਲਾ, 25 ਮਈ (ਧਰਮਿੰਦਰ ਸਿੰਘ ਸਿੱਧੂ)-ਸਪੈਸ਼ਲ ਕੇਡਰ ਅਧਿਆਪਕ ਯੂਨੀਅਨ ਨੇ ਸਰਕਾਰ ਦੇ ਕੀਤੇ ਵਾਅਦੇ ਨੂੰ ਲੈ ਕੇ ਰੈਗੂਲਰ ਦੀਆਂ ਸ਼ਰਤਾਂ ਲਾਗੂ ਨਾ ਕਰਨ ਕਰਕੇ ਸੂਬਾ ਆਗੂ ਹਰਪ੍ਰੀਤ ਕੌਰ ਜਲੰਧਰ ਦੀ ਅਗਵਾਈ 'ਚ ਬਨਾਸਰ ਬਾਗ਼ ਸੰਗਰੂਰ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਨਾ ਖੋਲ੍ਹਣ ਕਰਕੇ ਵੀ ਸਪੈਸ਼ਲ ਅਧਿਆਪਕਾਂ ਵਿਚ ਰੋਸ ਪਾਇਆ ਗਿਆ | ਇਸ ਮੌਕੇ ਪਹੁੰਚੇ ਵੱਖ-ਵੱਖ ਜ਼ਿਲਿ੍ਹਆਂ ਦੇ ਆਗੂਆਂ ਨੇ ਮੀਟਿੰਗ ਕਰਨ ਤੋਂ ਬਾਅਦ ਮੌਕੇ 'ਤੇ ਹੀ ਸੰਗਰੂਰ ਵਿਖੇ ਰੈਲੀ ਕਰਨ ਦਾ ਫ਼ੈਸਲਾ ਕੀਤਾ | ਸੰਗਰੂਰ ਪੁਲਿਸ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਓ.ਐਸ.ਡੀ. ਨਾਲ ਤਾਲਮੇਲ ਕਰਕੇ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਮੁੱਖ ਮੰਤਰੀ ਨਾਲ ਕੁੱਝ ਦਿਨਾਂ ਵਿਚ ਮੀਟਿੰਗ ਤੈਅ ਕੀਤੀ ਜਾਵੇਗੀ | ਇਸ ਦੌਰਾਨ ਸਟੇਟ ਆਗੂ ਕਰਮਿੰਦਰ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਸੁਖਾਵੇਂ ਮਾਹੌਲ ਵਿਚ ਹੋਈ, ਜਿਸ ਵਿਚ ਓ.ਐਸ.ਡੀ. ਦਾ ਰਵੱਈਆ ਹਾਂਪੱਖੀ ਸੀ | ਮੁੱਖ ਮੰਤਰੀ ਦੇ ਓ.ਐਸ.ਡੀ. ਵਲੋਂ ਜਲਦੀ ਹੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ 'ਚ ਰਹਿੰਦੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਇਕੱਤਰ ਹੋਏ ਸਮੂਹ ਜ਼ਿਲ੍ਹਾ ਆਗੂਆਂ ਅਤੇ ਹਰਪ੍ਰੀਤ ਕੌਰ ਵਲੋਂ 8 ਜੂਨ ਨੂੰ ਹੀ ਧੂਰੀ ਵਿਚ ਭਰਵੀਂ ਰੈਲੀ ਕਰਨ ਦਾ ਐਲਾਨ ਵੀ ਕੀਤਾ ਅਤੇ ਇਸ ਮੌਕੇ ਹਰਪ੍ਰੀਤ ਕੌਰ ਜਲੰਧਰ ਵਲੋਂ ਮਰਨ ਵਰਤ 'ਤੇ ਬੈਠਣ ਦਾ ਐਲਾਨ ਵੀ ਕੀਤਾ ਗਿਆ |