ਰਾਜਪੁਰਾ, 27 ਮਈ (ਜੀ.ਪੀ. ਸਿੰਘ)-ਸ਼ੰਭੂ ਬੈਰੀਅਰ-ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਇਕ ਟੈਂਪੂ ਟਰੈਵਲਰ ਵਲੋਂ ਇਕ ਆਟੋ ਰਿਕਸ਼ਾ 'ਚ ਟੱਕਰ ਮਾਰ ਦੇਣ ਨਾਲ ਆਟੋ ਰਿਕਸ਼ਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਸ਼ੰਭੂ ਦੀ ਪੁਲਿਸ ਨੇ ਅਣਪਛਾਤੇ ਟੈਂਪੂ ਟਰੈਵਲਰ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਬਲਬੀਰ ਸਿੰਘ ਵਾਸੀ ਪਿੰਡ ਖਾਸਪੁਰ ਥਾਣਾ ਬਨੂੜ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੀ ਸਵੇਰ 4 ਵਜੇ ਦੇ ਕਰੀਬ ਉਸ ਦਾ ਭਤੀਜਾ ਬਲਵਿੰਦਰ ਸਿੰਘ ਵਾਸੀ ਪਿੰਡ ਖਾਸਪੁਰ ਆਪਣੇ ਆਟੋ ਰਿਕਸ਼ਾ 'ਤੇ ਸਵਾਰ ਹੋ ਕੇ ਬਨੂੜ ਤੋਂ ਤੇਪਲਾ ਰੋਡ 'ਤੇ ਅੰਬਾਲਾ ਵੱਲ ਜਾ ਰਿਹਾ ਸੀ | ਇਸ ਦੌਰਾਨ ਇਕ ਟੈਂਪੂ ਟਰੈਵਲਰ ਦੇ ਅਣਪਛਾਤੇ ਚਾਲਕ ਨੇ ਉਸ ਵਿਚ ਆਪਣਾ ਟੈਂਪੂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਸ ਦੇ ਭਤੀਜੇ ਦੇ ਆਟੋ ਵਿਚ ਮਾਰਿਆ | ਇਸ ਹਾਦਸੇ 'ਚ ਉਸ ਦੇ ਭਤੀਜੇ ਬਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਸ਼ੰਭੂ ਪੁਲਿਸ ਨੇ ਟੈਂਪੂ ਟਰੈਵਲਰ ਦੇ ਅਣਪਛਾਤੇ ਚਾਲਕ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |