ਪਟਿਆਲਾ, 27 ਮਈ (ਧਰਮਿੰਦਰ ਸਿੰਘ ਸਿੱਧੂ)-ਯੂਥ ਕਾਂਗਰਸ ਚੋਣਾਂ ਦੌਰਾਨ ਹੋਈ ਬੰਪਰ ਵੋਟਿੰਗ 'ਤੇ ਤਿੱਖੀ ਪ੍ਰਤੀਕਿ੍ਆ ਦਿੰਦਿਆਂ ਐਡਵੋਕੇਟ ਅਭਿਨਵ ਸ਼ਰਮਾ, ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਸ਼ਹਿਰੀ ਨੇ ਕਿਹਾ ਕਿ ਭਾਜਪਾ ਯੁਵਾ ਮੋਰਚਾ ਨਾਲ ਜੁੜੇ ਲੋਕਾਂ ਅਤੇ ਪਟਿਆਲਾ ਦੇ ਮੇਅਰ ਦੇ ਪੀ.ਏ. ਵਲੋਂ ਯੂਥ ਕਾਂਗਰਸ ਚੋਣਾਂ ਵਿਚ ਦਿਖਾਈ ਗਈ ਦਿਲਚਸਪੀ ਨੇ ਭਾਜਪਾ ਦੀ ਅੰਦਰੂਨੀ ਘਬਰਾਹਟ ਅਤੇ ਸਿਆਸੀ ਹਕੀਕਤ ਨੂੰ ਬੇਨਕਾਬ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੇ ਭਾਜਪਾ ਦੇ ਆਪਣੇ ਹੀ ਵਰਕਰ ਅਤੇ ਅਹੁਦੇਦਾਰ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਇੰਨੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੇ ਹਨ ਤਾਂ ਇਹ ਸਪਸ਼ਟ ਸੰਕੇਤ ਹੈ ਕਿ ਦੇਸ਼ ਦਾ ਨੌਜਵਾਨ ਅੱਜ ਭਾਜਪਾ ਦੀ ਵੰਡਵਾਦੀ ਰਾਜਨੀਤੀ ਤੋਂ ਤੰਗ ਆ ਚੁੱਕਾ ਹੈ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਨਵੀਂ ਸੋਚ, ਰੋਜ਼ਗਾਰ ਅਤੇ ਲੋਕਤੰਤਰ ਦੀ ਰਾਜਨੀਤੀ 'ਤੇ ਭਰੋਸਾ ਜਤਾ ਰਿਹਾ ਹੈ | ਐਡਵੋਕੇਟ ਅਭਿਨਵ ਸ਼ਰਮਾ ਨੇ ਕਿਹਾ ਇਹ ਸਿਰਫ਼ ਵੋਟਿੰਗ ਨਹੀਂ, ਸਗੋਂ ਭਾਜਪਾ ਦੀ ਨਾਕਾਮ ਨੀਤੀਆਂ ਖ਼ਿਲਾਫ਼ ਨੌਜਵਾਨਾਂ ਦਾ ਇਕ ਵੱਡਾ ਸੰਦੇਸ਼ ਹੈ | ਜਿਹੜੇ ਲੋਕ ਕੱਲ੍ਹ ਤੱਕ ਕਾਂਗਰਸ 'ਤੇ ਉਂਗਲ ਚੁੱਕਦੇ ਸਨ, ਅੱਜ ਉਹੀ ਯੂਥ ਕਾਂਗਰਸ ਦੀ ਤਾਕਤ ਨੂੰ ਮੰਨਣ ਲਈ ਮਜਬੂਰ ਹੋ ਗਏ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨੌਜਵਾਨ ਭਾਜਪਾ ਨੂੰ ਉਸ ਦੀ ਅਹੰਕਾਰ ਭਰੀ ਰਾਜਨੀਤੀ ਦਾ ਜਵਾਬ ਲੋਕਤੰਤਰਿਕ ਤਰੀਕੇ ਨਾਲ ਦੇਣਗੇ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕਰਨਗੇ |