28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬੀ 'ਵਰਸਿਟੀ ਵਿਖੇ ਲੋਕਪੱਖੀ ਗੀਤ-ਸੰਗੀਤ ਨੂੰ ਚੁਣੌਤੀਆਂ' ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ

Ad Position 21
No active advertisement
ਅਜੀਤ ਡੈਸਕ 28-05-2026
ਪਟਿਆਲਾ, 27 ਮਈ (ਕੁਲਵੀਰ ਸਿੰਘ ਧਾਲੀਵਾਲ)-ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵਿਸ਼ਵ ਪੰਜਾਬੀ ਕੇਂਦਰ ਦੇ ਸੈਮੀਨਾਰ ਹਾਲ ਵਿਚ 'ਲੋਕਪੱਖੀ ਗੀਤ-ਸੰਗੀਤ ਨੂੰ ਚੁਣੌਤੀਆਂ' ਵਿਸ਼ੇ ਤੇ ਵਿਚਾਰ-ਚਰਚਾ ਅਤੇ ਗਾਇਨ ਸਮਾਰੋਹ ਕਰਵਾਇਆ ਗਿਆ | ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਪਟਿਆਲਾ ਅਤੇ ਪੰਜਾਬੀ ਪ੍ਰਸਾਰ ਮੰਚ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਚਿੰਤਕ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕੀਤੀ | ਪ੍ਰੋਗਰਾਮ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਹ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਅਤੇ ਇਪਟਾ ਦੇ ਸਥਾਪਨਾ ਦਿਹਾੜੇ ਨੂੰ ਸਮਰਪਿਤ ਸੀ ਅਤੇ ਇਸ ਵਿਚ ਲੋਕਪੱਖੀ ਗਾਇਕੀ ਦੇ ਪ੍ਰਸਿੱਧ ਹਸਤਾਖ਼ਰ ਜਗਰਾਜ ਧੌਲਾ, ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ ਅਤੇ ਸਾਹਿਤਕ ਗਾਇਕੀ ਵਿਚ ਉੱਭਰ ਰਹੇ ਗੀਤਕਾਰ ਡਾ. ਗੁਰਸੇਵਕ ਲੰਬੀ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਵਿਸ਼ਵ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਵਿਚਾਰਧਾਰਾ ਦੀ ਵਰਤਮਾਨ ਪ੍ਰਾਸੰਗਿਕਤਾ ਅਤੇ ਇਪਟਾ ਦੇ ਇਤਿਹਾਸਿਕ ਯੋਗਦਾਨ ਉੱਪਰ ਵਿਸਥਾਰ ਵਿਚ ਚਰਚਾ ਕਰਦਿਆਂ ਕਿਹਾ ਕਿ ਇਹ ਦੋਵੇਂ ਦਿਨ ਲੋਕ ਸੰਘਰਸ਼ਾਂ ਅਤੇ ਲੋਕਪੱਖੀ ਸਾਹਿਤ ਦੀ ਸਿਰਜਣਾ ਲਈ ਪ੍ਰੇਰਨਾ ਦੇ ਅਹਿਮ ਸੋਮੇ ਹਨ | ਜਗਰਾਜ ਧੌਲਾ ਨੇ ਕਿਹਾ ਕਿ ਲੋਕਪੱਖੀ ਗੀਤਕਾਰੀ ਅਤੇ ਗਾਇਕੀ ਦਾ ਵਪਾਰਕ ਗਾਇਕੀ ਨਾਲ ਕੋਈ ਮੁਕਾਬਲਾ ਨਹੀਂ | ਸਾਡੀ ਗੀਤਕਾਰੀ ਲੋਕ ਸੰਘਰਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ ਹੈ ਤੇ ਮੈਨੂੰ ਮਾਣ ਹੈ ਕਿ ਕਦੇ ਵੀ ਮੈਂ ਆਪਣੇ ਮਕਸਦ ਤੋਂ ਥਿੜਕਿਆ ਨਹੀਂ ਹਾਂ | ਮਾਸਟਰ ਰਾਮ ਕੁਮਾਰ ਨੇ ਕਿਹਾ ਕਿ ਗ਼ਰੀਬੀ ਦੀਆਂ ਮਜ਼ਬੂਰੀਆਂ ਕਈ ਵਾਰ ਲੋਕਪੱਖੀ ਗਾਇਕੀ ਦੇ ਵਾਰਿਸਾਂ ਨੂੰ ਰੋਜ਼ੀ-ਰੋਟੀ ਦੀ ਲੋੜ ਵਿੱਚੋਂ ਵਾਪਰਕ ਗਾਇਕੀ ਵੱਲ ਮੋੜ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਉਸਾਰੂ ਧਿਰਾਂ ਦੇ ਵੱਡੇ ਸਹਿਯੋਗ ਦੀ ਜ਼ਰੂਰਤ ਹੈ ਤਾਂ ਜੋ ਅਜਿਹੇ ਗਾਇਕ ਲੋਕਪੱਖੀ ਵਿਰਾਸਤ ਦੇ ਭਗੌੜੇ ਨਾ ਬਣਨ | ਜਗਸੀਰ ਜੀਦਾ ਨੇ ਕਿਹਾ ਕਿ ਜਿਵੇਂ ਜਿਵੇਂ ਸਮਾਜ ਬਦਲ ਰਿਹਾ ਹੈ ਗਾਇਕੀ ਦੇ ਵਿਸ਼ੇ ਅਤੇ ਅੰਦਾਜ਼ ਵੀ ਬਦਲ ਰਿਹਾ ਹੈ | ਲੋਕਾਂ ਲਈ ਗਾਉਣ ਵਾਲੇ ਕਲਾਕਾਰਾਂ ਨੂੰ ਸਮੇਂ ਦੇ ਨਾਲ ਮਿਲਕੇ ਚਲਦੇ ਹੋਏ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ | ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਸਾਹਿਤਕ ਗੀਤਕਾਰੀ ਨੂੰ ਲੋਕਾਈ ਤਕ ਪਹੁੰਚਣ ਲਈ ਨਿੱਕੇ ਦਾਇਰਿਆਂ ਤੋਂ ਮੁਕਤ ਹੋ ਕੇ ਸੋਸ਼ਲ ਮੀਡੀਆ ਵਰਗੇ ਆਧੁਨਿਕ ਸੰਦਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ ਤਾਂ ਜੋ ਮਾਨਵੀ ਪਹੁੰਚ ਵਾਲੇ ਸਾਹਿਤਕ ਗੀਤਾਂ ਦੀ ਰੇਂਜ ਅਤੇ ਰੀਚ ਵਧ ਸਕੇ | ਪ੍ਰਧਾਨਗੀ ਭਾਸ਼ਣ ਵਿਚ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਲੋਕਪੱਖੀ ਗਾਇਕੀ ਦੀ ਪਰਮੋਸ਼ਨ ਲਈ ਵੱਡੇ ਮੁਹਾਜ਼ ਬਣਾਉਣ ਦੀ ਜ਼ਰੂਰਤ ਹੈ ਅਤੇ ਮਸਨੂਈ ਬੁੱਧੀ ਦੇ ਦੌਰ ਵਿਚ ਨਵੇਂ ਖ਼ਤਰਿਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ | ਉਹਨਾਂ ਕਿਹਾ ਕਿ ਜਿੰਨੀ ਦੇਰ ਤਕ ਕਲਾਕਾਰਾਂ ਦੇ ਰੋਜ਼ੀ ਰੋਟੀ ਦੇ ਮਸਲੇ ਹੱਲ ਨਹੀਂ ਹੁੰਦੇ ਉੱਨੀ ਦੇਰ ਤਕ ਉਹ ਮੁਨਾਫ਼ੇ ਵਾਲੀ ਗਾਇਕੀ ਦੀਆਂ ਬਰੂਹਾਂ 'ਤੇ ਜਾਂਦੇ ਰਹਿਣਗੇ | ਇਸ ਮੌਕੇ ਡਾ. ਨਿਵੇਦਿਤਾ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਸਿਰਫ਼ ਲੋਕਪੱਖੀ ਗਾਇਕਾਂ ਨੂੰ ਵੀ ਚੁਣੌਤੀਆਂ ਨਹੀਂ ਹਨ ਸਗੋਂ ਇਸ ਦੌਰ ਦੀ ਸਭ ਤੋਂ ਵੱਡੀ ਮਾਰ ਸਾਜ਼ਿੰਦਿਆਂ 'ਤੇ ਵੀ ਪਈ ਹੈ | ਗ਼ੈਰ ਰਸਮੀ ਗੱਲਬਾਤ ਵਿਚ ਕਿਰਪਾਲ ਕਜ਼ਾਕ ਨੇ ਕਿਹਾ ਕਿ ਪ੍ਰੋਫੈਸਨਲ ਗਾਇਕੀ ਦੀ ਸਭ ਤੋਂ ਵੱਡੀ ਤਾਕਤ ਬੀਟ ਹੈ, ਜਿਸ ਨੂੰ ਅਜੇ ਤਕ ਲੋਕਪੱਖੀ ਗਾਇਕੀ ਨੇ ਨਹੀਂ ਆਪਣਾਇਆ | ਉਪਰੋਕਤ ਦੇ ਨਾਲ ਨਾਲ ਡਾ. ਚਰਨਜੀਤ ਕੌਰ ਬਰਾੜ, ਡਾ. ਸੰਤੋਖ ਸੁੱਖੀ, ਡਾ. ਇਕਬਾਲ ਸੋਮੀਆ ਅਤੇ ਹੋਰ ਵਿਦਵਾਨਾਂ ਨੇ ਵੀ ਸਵਾਲਾਂ ਦੇ ਰੂਪ ਵਿਚ ਮਹੱਤਵਪੂਰਨ ਨੁਕਤੇ ਉਠਾਏ | ਇਸ ਸਮਾਗਮ ਵਿਚ ਪ੍ਰੋ. ਹਰਜਿੰਦਰ ਵਾਲੀਆ, ਡਾ. ਸੰਤੋਖ ਸੁੱਖੀ, ਬਲਵਿੰਦਰ ਭੱਟੀ, ਸ਼ਾਇਰ ਅਮਰਜੀਤ ਕਸਕ, ਗੁਲਜਾਰ ਪਟਿਆਲਵੀ, ਜਗਦੀਸ਼ ਪਾਪੜਾ, ਦਵਿੰਦਰ ਪੂਨੀਆ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਲੋਕਪੱਖੀ ਗਾਇਕਾਂ ਦੀ ਗਾਇਕੀ ਦਾ ਆਨੰਦ ਵੀ ਮਾਣਿਆ | ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਮਲਪ੍ਰੀਤ ਕੌਰ ਨੇ ਆਇਲਟਸ 'ਚ 7.5 ਬੈਂਡ ਲਏ ਅਗਲੀ ਖ਼ਬਰ ਬੰਪਰ ਵੋਟਿੰਗ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਹਕੀਕਤ ਕੀਤੀ ਬੇਨਕਾਬ-ਐਡਵੋਕੇਟ ਅਭਿਨਵ ਸ਼ਰਮਾ
Ad Position 24