ਰਾਜਪੁਰਾ, 29 ਮਈ (ਰਣਜੀਤ ਸਿੰਘ)-ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਨੇ ਸਿਆਸੀ ਪੰਡਤਾਂ ਦੇ ਟੇਵਿਆਂ 'ਤੇ ਪਾਣੀ ਫੇਰ ਕੇ ਰੱਖ ਦਿਤਾ ਹੈ | ਚੋਣ ਨਤੀਜੇ ਬਿਲਕੁਲ ਅਣ ਕਿਆਸੇ ਆਏ ਹਨ ਪਰ ਲੋਕਤੰਤਰ ਵਿਚ ਜਨਤਾ ਜਨਾਰਦਨ ਦਾ ਫ਼ੈਸਲਾ ਸਰਬਉੱਚ ਹੁੰਦਾ ਹੈ ਅਤੇ ਇਹ ਹਰੇਕ ਨੂੰ ਮੰਨਣਾ ਹੀ ਪੈਦਾ ਹੈ | ਚੋਣ ਨਤੀਜਿਆਂ ਨੇ ਮੋਹਰ ਲਾ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਵਿਕਾਸ ਦੇ ਐਲਾਨ ਕਿਸੇ ਕੰਮ ਨਹੀਂ ਆਏ ਜਦ ਕਿ ਚੋਣਾਂ ਵਿਚ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਪੂਰਾ ਸਿਆਸੀ ਦਮ ਖਮ ਵਿਖਾਇਆ ਹੈ | ਜਾਣਕਾਰੀ ਮੁਤਾਬਿਕ ਨਗਰ ਕੌਂਸਲ ਦੇ 31 ਵਾਰਡਾਂ ਦੀਆਂ ਵੋਟਾਂ 26 ਮਈ ਨੂੰ ਪਈਆਂ ਸਨ | ਵੋਟਾਂ ਤੋ ਲੈ ਕੇ ਸਿਆਸੀ ਪੰਡਤ ਕਈ ਤਰ੍ਹਾਂ ਦੇ ਟੇਵੇ ਲਾ ਰਹੇ ਸਨ | ਪਰ ਇਨ੍ਹਾਂ ਸਾਰੇ ਹੀ ਸਿਆਸੀ ਟੇਵਿਆਂ ਦੀ ਫ਼ਸਲ ਤੇ ਇਕ ਤਰ੍ਹਾਂ ਨਾਲ ਸਿਆਸੀ ਗੜੇਮਾਰੀ ਹੋਣੀ ਨਜ਼ਰ ਆ ਰਹੀ ਹੈ | ਨਤੀਜੇ ਸਿਆਸੀ ਪੰਡਤਾਂ ਦੇ ਕਹਿਣ ਦੇ ਮੁਤਾਬਿਕ ਨਹੀਂ ਆਏ | ਸ਼ਹਿਰ ਵਿਚ 31 ਵਾਰਡ ਸਨ | ਜਿਨ੍ਹਾਂ ਵਿਚੋਂ ਕਾਂਗਰਸ ਪਾਰਟੀ ਦੇ ਨੌ, ਭਾਰਤੀ ਜਨਤਾ ਪਾਰਟੀ ਦੇ ਅੱਠ, ਆਮ ਆਦਮੀ ਪਾਰਟੀ ਦੇ ਸੱਤ, ਸ਼ੋ੍ਰਮਣੀ ਅਕਾਲੀ ਦਲ ਦੇ ਚਾਰ ਅਤੇ ਆਜਾਦ ਤੌਰ 'ਤੇ ਦੋ ਉਮੀਦਵਾਰਾਂ ਦੀ ਕਿਸਮਤ ਦੀ ਲਾਟਰੀ ਖੁੱਲ੍ਹੀ ਹੈ | ਇਨ੍ਹਾਂ ਵਿਚੋਂ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਹੈ | ਨਗਰ ਕੌਂਸਲ ਦੀ ਚਾਬੀ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਆਜਾਦ ਤੌਰ 'ਤੇ ਜਿੱਤੇ ਉਮੀਦਵਾਰਾਂ ਦੇ ਹੱਥ ਵਿਚ ਆ ਗਈ ਹੈ | ਕਹਿਣ ਤੋਂ ਭਾਵ ਇਹ ਹੈ ਕਿ ਹੁਣ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ ਨਗਰ ਕੌਂਸਲ ਵਿਚ ਰਾਜ ਅਕਾਲੀ ਦਲ ਅਤੇ ਆਜਾਦਾਂ ਦਾ ਹੀ ਚੱਲੇਗਾ | ਇਹ ਗਾੱਲ ਕੰਧ 'ਤੇ ਲਿਖੀ ਹੋਈ ਵਿਖਾਈ ਦੇ ਰਹੀ ਹੈ ਕਿ ਸਭ ਤੋਂ ਛੋਟੇ ਧੜੇ ਹੁਣ ਕਿੰਗ ਮੇਕਰ ਬਣ ਕੇ ਸਭ ਤੋਂ ਮੋਹਰਲੀ ਕਤਾਰ ਵਿਚ ਬੈਠਣਗੇ | ਇਨ੍ਹਾਂ ਚੋਣ ਨਤੀਜਿਆਂ ਵਿਚ ਵਿਕਾਸ ਦੀ ਗੱਡੀ ਦੀ ਰਫਤਾਰ ਮੱਠੀ ਪਈ ਲੱਗ ਰਹੀ ਹੈ | ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਜਾਦਾਂ ਦੇ ਘਰੇ ਹੁਣ ਵੱਡੀਆਂ ਪਾਰਟੀਆਂ ਦੇ ਆਗੂਆਂ ਦੀਆਂ ਲਾਇਨਾਂ ਲੱਗਣ ਸ਼ੁਰੂ ਹੋ ਜਾਣਗੀਆਂ | ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਬਹੁਮੱਤ ਦਾ ਸਮੁੰਦਰ ਪਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਆਜਾਦਾਂ ਦੀ ਬੇੜੀ ਵਿਚ ਸਵਾਰ ਹੋਣਾ ਪੈਣਾ ਹੈ | ਵੋਟਰਾਂ ਨੇ ਝਾੜੂ ਨੁੂੰ ਉਮੀਦ ਮੁਤਾਬਕ ਵੋਟਾਂ ਨਹੀਂ ਪਾਈਆਂ | ਜੇਕਰ ਸਿਆਸ ਪੰਡਤਾਂ ਦੀ ਮੰਨੀਏ ਤਾਂ ਇਹ ਗੱਲ ਨਿਖਰ ਕੇ ਸਹਾਮਣੇ ਆ ਰਹੀ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਲਈ ਸ਼੍ਰੁੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਹੱਥ ਮਿਲਾ ਸਕਦੇ ਹਨ ਪਰ ਕਾਂਗਰਸ ਪਾਰਟੀ ਨਾਲ ਦਾਲ ਗਲਣੀ ਮੁਸ਼ਕਲ ਵਿਖਾਈ ਦੇ ਰਹੀ ਹੈ | ਇਸ ਦੇ ਨਾਲ ਹੀ ਇਹ ਆਪ ਨਾਲ ਵੀ ਨਹੀ ਜਾ ਸਕਦੇ | ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਨਗਰ ਕੋਲ ਵਿਚ ਪ੍ਰਧਾਨ ਭਾਰਤੀ ਜਨਤਾ ਪਾਰਟੀ ਮਿਲ ਕੇ ਬਣਾ ਸਕਦੇ ਹਨ ਬਾਕੀ ਰਾਜਨੀਤੀ ਵਿਚ ਕੋਈ ਵੀ ਗੱਲ ਸੰਭਵ ਹੁੁੰਦੀ ਹੈ | ਸ਼ਹਿਰ ਵਿਚ ਸਿਆਸੀ ਜ਼ੋੜ ਤੋੜ ਅਤੇ ਗੁਪਤ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ |