ਭਾਦਸੋਂ, 31 ਮਈ (ਪ੍ਰਦੀਪ ਦੰਦਰਾਲਾ)-ਪੰਜਾਬ ਦੇ ਸਿਹਤ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਅਤੇ ਐੱਸ.ਐਮ.ਓ. ਭਾਦਸੋਂ ਡਾ. ਮੋਨਿਕਾ ਸੂਦ ਦੀ ਯੋਗ ਅਗਵਾਈ ਹੇਠ ਬਲਾਕ ਭਾਦਸੋਂ ਦੇ ਪੀ.ਐੱਚ.ਸੀ. ਅਜਨੌਦਾ ਕਲਾਂ ਵਿਚ ਇਕ ਮੈਗਾ ਸਪੈਸ਼ਲ ਸਿਹਤ ਕੈਂਪ ਲਗਾਇਆ ਗਿਆ | ਇਹ ਕੈਂਪ ਲੋਕਾਂ ਨੂੰ ਵਧੀਆ ਅਤੇ ਸਹੂਲਤਪੂਰਵਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲਗਾਇਆ ਗਿਆ | ਜਿਸ ਬਾਰੇ ਜਾਣਕਾਰੀ ਦੌਰਾਨ ਮੈਡੀਕਲ ਅਫ਼ਸਰ ਇੰਚਾਰਜ ਡਾ. ਨਵਜੋਤ ਕੌਰ ਨੇ ਕੈਂਪ ਦੌਰਾਨ ਦੱਸਿਆ ਕਿ ਅੱਜ ਕੁੱਲ 250 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ | ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵਲੋਂ ਵਿਸ਼ੇਸ਼ ਸਲਾਹ ਦਿੱਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਇਸ ਤੋਂ ਇਲਾਵਾ ਮੌਕੇ 'ਤੇ ਹੀ ਮੁਫ਼ਤ ਲੈਬ ਜਾਂਚਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ | ਉਨਾਂ ਦੱਸਿਆ ਕਿ ਕੈਂਪ ਦੌਰਾਨ 47 ਲੋਕਾਂ ਦੇ ਐਮ.ਐਮ.ਵਾਈ.ਐਸ. ਕਾਰਡ ਵੀ ਬਣਾਏ ਗਏ ਤਾਂ ਜੋ ਸਰਕਾਰੀ ਸਿਹਤ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਆਮ ਜਨਤਾ ਤੱਕ ਪਹੁੰਚ ਸਕੇ | ਇਸ ਸਮੇਂ ਸਿਹਤ ਵਿਭਾਗ ਵਲੋਂ ਟੀਮ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ ਗਈ ਅਤੇ ਭਵਿੱਖ 'ਚ ਵੀ ਇਸੇ ਤਰਾਂ ਲੋਕ ਸੇਵਾ ਲਈ ਕੰਮ ਕਰਨ ਦੀ ਅਪੀਲ ਕੀਤੀ ਗਈ |