ਨਾਭਾ, 5 ਜੂਨ (ਜਗਨਾਰ ਸਿੰਘ ਦੁਲੱਦੀ)-ਆਮ ਆਦਮੀ ਪਾਰਟੀ ਵਲੋਂ ਪਾਰਟੀ ਪ੍ਰਤੀ ਵਫ਼ਾਦਾਰ ਅਤੇ ਇਮਾਨਦਾਰੀ ਨਾਲੀ ਕੰਮ ਕਰਨ ਵਾਲਿਆਂ ਨੂੰ ਅਹੁਦੇਦਾਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ, ਜਿਸ ਤਹਿਤ ਰਿਆਸਤੀ ਸ਼ਹਿਰ ਨਾਭਾ ਦੇ ਵਾਰਡ ਨੰਬਰ 6 ਤੋਂ ਕੌਂਸਲਰ ਕਮਲ ਕੁਮਾਰ ਰਾਜੂ ਅਤੇ ਸਾਬਕਾ ਕੌਂਸਲਰ ਰੋਜੀ ਨਾਗਪਾਲ ਦੇ ਪਤੀ ਉੱਘੇ ਸਮਾਜ ਸੇਵੀ ਦੀਪਕ ਨਾਗਪਾਲ ਨੂੰ ਪਾਰਟੀ ਵਲੋਂ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਬਲਾਕ ਪ੍ਰਧਾਨਗੀ ਮਿਲਣ ਉਪਰੰਤ ਕੌਂਸਲਰ ਕਮਲ ਕੁਮਾਰ ਰਾਜੂ ਅਤੇ ਉੱਘੇ ਸਮਾਜਸੇਵੀ ਦੀਪਕ ਨਾਗਪਾਲ ਨੇ ਪਾਰਟੀ ਹਾਈ ਕਮਾਨ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਪਾਰਟੀ ਵਲੋਂ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ | ਦੋਵੇਂ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ, ਕਿਉਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹੀ ਨਹੀਂ ਸਗੋਂ ਖੁਸ਼ ਹਨ | ਦੋਵੇਂ ਆਗੂਆਂ ਦੀ ਨਿਯੁਕਤੀ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਖੁਸ਼ੀ ਦਾ ਆਲਮ ਵੇਖਣ ਨੂੰ ਮਿਲ ਰਿਹਾ ਹੈ ਅਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |