ਪਟਿਆਲਾ, 7 ਜੂਨ (ਮਨਦੀਪ ਸਿੰਘ ਖਰੌੜ)-ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ 51 ਸਾਲਾ ਉੱਦਮੀ ਅਤੇ ਮਾਸਟਰਸ਼ੈੱਫ ਇੰਡੀਆ ਸੀਜ਼ਨ 6 ਦੇ ਟਾਪ-20 ਪ੍ਰਤੀਯੋਗੀਆਂ ਵਿਚ ਆਪਣੀ ਥਾਂ ਬਣਾਉਣ ਵਾਲੀ ਹਰਮਨਪ੍ਰੀਤ ਕੌਰ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ | ਹਰਮਨਪ੍ਰੀਤ ਪਿਛਲੇ ਕਰੀਬ ਇਕ ਦਹਾਕੇ ਤੋਂ ਬਰੇਨ ਹੈਮਰੇਜ ਨਾਲ ਜੁੜੀਆਂ ਪੇਚੀਦਗੀਆਂ ਜਿਵੇਂ ਕਰੋਨਿਕ ਬਲੀਡਿੰਗ, ਡਾਇਬਟੀਜ ਅਤੇ ਸੋਰਾਇਸਿਸ ਸਮੇਤ ਕਈ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ | ਕਰੀਬ ਦੋ ਸਾਲਾਂ ਤੋਂ ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਖ਼ੂਨ ਵਹਿਣ ਦੀ ਸਮੱਸਿਆ ਤੋਂ ਪੀੜਤ ਹਰਮਨਪ੍ਰੀਤ ਨੂੰ 30 ਅਪ੍ਰੈਲ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਸੀ | 2 ਮਈ ਨੂੰ ਉਸ ਦਾ ਸਫਲ ਲੈਪ੍ਰੋਸਕੋਪਿਕ ਆਪ੍ਰੇਸ਼ਨ ਕੀਤਾ ਗਿਆ | ਹਰਮਨਪ੍ਰੀਤ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਨੇ ਨਾ ਸਿਰਫ਼ ਉਸ ਦੇ ਇਲਾਜ ਦਾ ਆਰਥਿਕ ਬੋਝ ਘਟਾਇਆ, ਸਗੋਂ ਉਸ ਨੰੂ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਵੀ ਉਪਲਬਧ ਕਰਵਾਈਆਂ | ਹਰਮਨਪ੍ਰੀਤ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਸਾਲ 2011 ਵਿਚ ਹੋਏ ਬਰੇਨ ਹੈਮਰੇਜ ਤੋਂ ਬਾਅਦ ਸ਼ੁਰੂ ਹੋਈਆਂ, ਜਿਸ ਕਾਰਨ ਉਸ ਨੰੂ ਨਿਊਰੋਲੋਜੀਕਲ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਿਆ | ਲੰਬੇ ਸਮੇਂ ਤੱਕ ਚੱਲੀ ਬਿਮਾਰੀ ਦਾ ਅਸਰ ਪਰਿਵਾਰ ਦੀ ਆਰਥਿਕ ਹਾਲਤ 'ਤੇ ਵੀ ਪਿਆ | ਉਸ ਦੀ ਦੇਖਭਾਲ ਲਈ ਉਸ ਦੇ ਪਤੀ ਨੂੰ ਨਿੱਜੀ ਖੇਤਰ ਦੀ ਵਧੀਆ ਨੌਕਰੀ ਛੱਡਣੀ ਪਈ, ਉੱਤੋਂ ਇਲਾਜ ਦਾ ਖਰਚਾ ਲਗਾਤਾਰ ਵਧਦਾ ਰਿਹਾ | ਕੁੱਝ ਸਾਲਾਂ ਬਾਅਦ, ਸਾਲ 2025 ਵਿਚ, ਪੇਰੀਮੈਨੋਪੌਜ ਦੌਰਾਨ ਉਹ ਲੰਬੇ ਸਮੇਂ ਤੱਕ ਲਗਾਤਾਰ ਖ਼ੂਨ ਵਹਿਣ ਦੀ ਸਮੱਸਿਆ ਤੋਂ ਪੀੜਤ ਹੋ ਗਈ | ਉਸ ਦੇ ਗੰਭੀਰ ਮੈਡੀਕਲ ਪਿਛੋਕੜ ਕਾਰਨ ਐਨੇਸਥੀਸੀਆ ਨਾਲ ਜੁੜੇ ਕਿਸੇ ਵੀ ਆਪ੍ਰੇਸ਼ਨ ਵਿਚ ਜੋਖ਼ਮ ਬਹੁਤ ਵੱਧ ਸਨ | ਸਾਲ 2020 ਅਤੇ 2024 ਵਿਚ ਮਿਰੇਨਾ ਇਨਸਰਸਨ ਸਮੇਤ ਕਈ ਇਲਾਜ ਕਰਵਾਉਣ ਦੇ ਬਾਵਜੂਦ ਉਸ ਦੀ ਸਮੱਸਿਆ ਜਾਰੀ ਰਹੀ ਅਤੇ ਕਰੀਬ ਦੋ ਸਾਲਾਂ ਤੱਕ ਲਗਾਤਾਰ ਉਹ ਕਰੋਨਿਕ ਬਲੀਡਿੰਗ ਦੀ ਸ਼ਿਕਾਰ ਰਹੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਪ੍ਰਸੂਤੀ ਅਤੇ ਗਾਇਨੀ ਵਿਭਾਗ ਦੀ ਪ੍ਰੋਫੈਸਰ ਡਾ. ਪ੍ਰੀਤ ਕਮਲ ਸਿਬੀਆ ਨੇ ਕਿਹਾ ਹਰਮਨਪ੍ਰੀਤ ਜੋ ਮੀਨੋਪੌਜ ਦੇ ਪੜਾਅ ਵੱਲ ਵਧ ਰਹੀ ਸੀ, ਪਿਛਲੇ ਕਰੀਬ ਦਸ ਸਾਲਾਂ ਤੋਂ ਬਹੁਤ ਜ਼ਿਆਦਾ ਮਾਹਵਾਰੀ ਖ਼ੂਨ ਵਹਿਣ ਦੀ ਸਮੱਸਿਆ ਨਾਲ ਪੀੜਤ ਸੀ | ਇਸਦੇ ਨਾਲ ਹੀ ਉਸ ਨੰੂ ਹਾਈਪਰਟੈਨਸਨ, ਟਾਈਪ-2 ਡਾਇਬਟੀਜ਼, ਹਾਈਪੋਥਾਇਰਾਇਡਿਜਮ, ਸੋਰਾਇਸਿਸ ਅਤੇ ਨਿਊਰੋਲੋਜੀਕਲ ਪੇਚੀਦਗੀਆਂ ਸਮੇਤ ਕਈ ਹੋਰ ਸਿਹਤ ਸਮੱਸਿਆਵਾਂ ਵੀ ਸਨ | ਡਾ. ਸਿਬੀਆ ਨੇ ਅੱਗੇ ਦੱਸਿਆ ਉਸ ਦੇ ਪੇਟ ਵਿਚ ਇਕ ਵੱਡਾ ਫਾਈਬਰਾਇਡ ਸੀ ਅਤੇ ਪਹਿਲਾਂ ਵੀ ਲੰਬੇ ਸਮੇਂ ਤੱਕ ਦਵਾਈਆਂ ਰਾਹੀਂ ਇਲਾਜ ਕੀਤਾ ਗਿਆ ਸੀ ਪਰ ਉਮੀਦ ਅਨੁਸਾਰ ਸਫਲਤਾ ਨਹੀਂ ਮਿਲੀ | ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਸਾਡੀ ਟੀਮ ਨੇ ਉਸ ਦਾ ਟੋਟਲ ਲੈਪ੍ਰੋਸਕੋਪਿਕ ਹਿਸਟਰੇਕਟੋਮੀ ਆਪ੍ਰੇਸ਼ਨ ਕੀਤਾ | ਆਪੇ੍ਰਸ਼ਨ ਸਫਲ ਰਿਹਾ, ਉਸ ਦੀ ਆਪ੍ਰੇਸ਼ਨ ਤੋਂ ਬਾਅਦ ਦੀ ਸਿਹਤਯਾਬੀ ਸੁਚਾਰੂ ਢੰਗ ਨਾਲ ਹੋਈ ਅਤੇ ਉਸ ਨੰੂ ਤਸੱਲੀਬਖ਼ਸ਼ ਹਾਲਤ ਵਿਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਹਰਮਨਪ੍ਰੀਤ ਨੇ ਦੱਸਿਆ ਕਿ ਇਲਾਜ ਦੌਰਾਨ ਡਾ. ਸਿਬੀਆ ਦੀ ਸਲਾਹ 'ਤੇ ਉਸ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਕਰਵਾਇਆ, ਜਿਸ ਨਾਲ ਉਸ ਦੇ ਪਰਿਵਾਰ 'ਤੇ ਪੈਣ ਵਾਲਾ ਆਰਥਿਕ ਬੋਝ ਕਾਫ਼ੀ ਘੱਟ ਹੋ ਗਿਆ | ਉਸ ਨੇ ਇਸ ਲੋਕ-ਭਲਾਈ ਯੋਜਨਾ ਲਈ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕੀਤਾ ਅਤੇ ਡਾਕਟਰਾਂ ਤੇ ਹਸਪਤਾਲ ਸਟਾਫ਼ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਮੁੱਖ ਇਲਾਜ ਦੇ ਨਾਲ-ਨਾਲ ਉਸ ਦੀ ਡਾਇਬਟੀਜ ਅਤੇ ਸੋਰਾਇਸਿਸ ਵਰਗੀਆਂ ਹੋਰ ਸਿਹਤ ਸਮੱਸਿਆਵਾਂ ਦਾ ਵੀ ਪੂਰਾ ਧਿਆਨ ਰੱਖਿਆ |