ਨਾਭਾ, 7 ਜੂਨ (ਜਗਨਾਰ ਸਿੰਘ ਦੁਲੱਦੀ)-ਅੱਜ ਨਾਭਾ ਸਥਿਤ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸਾਬਕਾ ਮੰਤਰੀ ਸਾਧੂ ਧਰਮਸੋਤ ਦੀ ਅਗਵਾਈ ਹੇਠ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੀ ਭਰਵੀਂ ਇਕੱਤਰਤਾ ਹੋਈ ਜੋ ਕਿ ਦੇਖਦੇ ਹੀ ਦੇਖਦੇ ਰੈਲੀ ਦਾ ਰੂਪ ਧਾਰਨ ਕਰ ਗਈ | ਇਸ ਇਕੱਤਰਤਾ 'ਚ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਕੱਤਰ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਬੀਬੀ ਗੁਰਸ਼ਰਨ ਕੌਰ ਰੰਧਾਵਾ ਅਤੇ ਮਹੰਤ ਹਰਵਿੰਦਰ ਕਨੌੜਾ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਬੇਰੁਜ਼ਗਾਰ ਲਾਈਨਮੈਨਾਂ ਉੱਪਰ ਤਸ਼ੱਦਦ ਕੀਤਾ ਗਿਆ ਹੈ ਉਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨ੍ਹੀਂ ਹੀ ਥੋੜ੍ਹੀ ਹੈ | ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕੀ ਪੰਜਾਬ 'ਚ ਕਦੇ ਵੀ ਹੁਣ ਧਰਨਾ ਨਹੀਂ ਲੱਗੇਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਚੁੰਨੀ ਤੇ ਪੱਗ ਦੀ ਰੱਖਿਆ ਕੀਤੀ ਜਾਵੇਗੀ | ਇਹ ਸਾਰੇ ਵਾਅਦੇ ਭੁੱਲ ਕੇ 'ਆਪ' ਸਰਕਾਰ ਨੇ ਜ਼ੁਲਮ ਅਤੇ ਜਬਰ ਦੀਆਂ ਸਾਰੀਆਂ ਹੀ ਹੱਕਾਂ ਪਾਰ ਕਰ ਦਿੱਤੀਆਂ | ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਐਸ.ਆਈ.ਆਰ. ਤਹਿਤ ਵੋਟਾਂ ਦੀ ਕਟਿੰਗ ਕੀਤੀ ਜਾਣੀ ਹੈ ਉਸ 'ਚ ਪੂਰਾ ਧਿਆਨ ਰੱਖਿਆ ਜਾਵੇ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਜਾਵੇ | ਮਹਿੰਗਾਈ ਦੇ ਮੁੱਦੇ 'ਤੇ ਬੋਲਦੇ ਹੋਏ ਸਾਬਕਾ ਮੰਤਰੀ ਧਰਮਸੋਤ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਦੀ ਸਰਕਾਰ ਸਮੇਂ ਬੀ.ਜੇ.ਪੀ. ਵਾਲੇ ਬਹੁਤ ਰੌਲਾ ਪਾਉਂਦੇ ਸਨ ਕਿ ਮਹਿੰਗਾਈ ਬਹੁਤ ਵਧ ਗਈ ਹੈ, ਹੁਣ ਤਾਂ ਬੀ.ਜੇ.ਪੀ. ਦੇ ਰਾਜ 'ਚ ਅਸਮਾਨ ਛੂੰਹਦੀ ਮਹਿੰਗਾਈ ਦੌਰਾਨ ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ, ਕਿਉਂਜੋ ਰੋਜ਼ਾਨਾ ਹੀ ਤੇਲ ਦੀਆਂ ਅਤੇ ਗੈਸ ਦੀਆਂ ਕੀਮਤਾਂ 'ਚ ਕੇਂਦਰ ਸਰਕਾਰ ਵਲੋਂ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹਰ ਪਰਿਵਾਰ ਦੀ ਰਸੋਈ ਦਾ ਬਜਟ ਡਗਮਗਾ ਗਿਆ ਹੈ | ਧਰਮਸੋਤ ਅਤੇ ਮਹੰਤ ਖਨੌੜਾ ਨੇ ਕਿਹਾ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਸੱਤਾ ਧਿਰ ਪਾਰਟੀ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਹਨ | ਇਸ ਮੌਕੇ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਵੀ ਕੱਢਿਆ ਗਿਆ | ਅੱਜ ਹੋਈ ਇਕੱਤਰਤਾ 'ਚ ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਕੁੰਵਰਪ੍ਰਤਾਪ ਸਿੰਘ ਖਨੌੜਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਵਿੰਦਰ ਸਿੰਘ ਬਿੱਟੂ ਢੀਂਗੀ ਬਲਾਕ ਪ੍ਰਧਾਨ ਦਿਹਾਤੀ, ਵਿਵੇਕ ਸਿੰਗਲਾ ਬਲਾਕ ਪ੍ਰਧਾਨ ਸ਼ਹਿਰੀ, ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ, ਸਾਬਕਾ ਪ੍ਰਧਾਨ ਹਰੀ ਕਿ੍ਸ਼ਨ ਸੇਠ, ਲਾਲ ਸਿੰਘ ਟੌਹੜਾ, ਸੀਨੀਅਰ ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਸਾਬਕਾ ਪ੍ਰਧਾਨ ਜਤਿੰਦਰ ਸਿੰਘ ਜੱਤੀ, ਇੰਦਰਜੀਤ ਸਿੰਘ ਚੀਕੁ, ਚੰਚਲ ਕੁਮਾਰ ਗੋਰਾ, ਯੂਥ ਆਗੂ ਗੁਰਦਿੱਤ ਸੇਠ, ਗੁਰਚਰਨ ਸਿੰਘ ਦੁਲੱਦੀ, ਸਾਬਕਾ ਪ੍ਰਧਾਨ ਚੁੰਨੀ ਲਾਲ ਭਾਦਸੋਂ, ਕੁਲਦੀਪ ਸਿੰਘ ਪਾਲੀਆ, ਕੁਲਵੰਤ ਸਿੰਘ ਸਿਆਣ, ਸੁੱਚਾ ਸਿੰਘ ਸਹੋਲੀ, ਰਤਨ ਸਿੰਘ ਜੱਸੋਮਜਾਰਾ, ਇੰਦਰਜੀਤ ਪੁਰੀ ਆਦਿ ਮੌਜੂਦ ਸਨ |