ਪਟਿਆਲਾ, 11 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਅਤੇ ਐਸ.ਸੀ. ਸੈੱਲ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਚੇਅਰਮੈਨ ਬਲਕਾਰ ਸਿੰਘ ਬਡੂੰਗਰ ਦੀ ਰਹਿਨੁਮਾਈ ਹੇਠ ਹਲਕਾ ਪਟਿਆਲਾ ਦਿਹਾਤੀ ਦੇ ਤਿੰਨ ਬਲਾਕਾਂ ਵਿਚ ਐਸ.ਸੀ. ਸੈੱਲ ਦੇ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਐਸ.ਸੀ. ਭਾਈਚਾਰੇ ਦੀ ਆਵਾਜ਼ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ | ਇਨ੍ਹਾਂ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ ਬਾਰੇ ਉਨ੍ਹਾਂ ਦੱਸਿਆ ਕਿ ਬਲਾਕ ਅਬਲੋਵਾਲ ਲਈ ਭੁਪਿੰਦਰ ਸਿੰਘ ਮੰਗਾ, ਬਲਾਕ ਤਿ੍ਪੜੀ ਲਈ ਸਤਿੰਦਰ ਪਾਲ ਸਿੰਘ ਅਤੇ ਬਲਾਕ ਬਿਸ਼ਨ ਨਗਰ ਲਈ ਜੈ ਕਿਸ਼ਨ ਨੂੰ ਐਸ.ਸੀ. ਸੈੱਲ ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਮੋਹਿਤ ਮਹਿੰਦਰਾ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਬਰਾਬਰੀ ਲਈ ਸੰਘਰਸ਼ ਕਰਦੀ ਆਈ ਹੈ | ਉਨ੍ਹਾਂ ਕਿਹਾ ਕਿ ਨਵੇਂ ਪ੍ਰਧਾਨ ਆਪਣੇ ਖੇਤਰਾਂ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਉੱਚ ਪੱਧਰ ਤੱਕ ਪਹੁੰਚਾਉਣ ਦੇ ਨਾਲ-ਨਾਲ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਵੀ ਘਰ-ਘਰ ਤੱਕ ਲੈ ਕੇ ਜਾਣਗੇ | ਨਵ-ਨਿਯੁਕਤ ਅਹੁਦੇਦਾਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਐਸ.ਸੀ. ਸੈੱਲ ਦੇ ਚੇਅਰਮੈਨ ਬਲਕਾਰ ਸਿੰਘ ਬਡੂੰਗਰ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਮਿਹਨਤ ਨਾਲ ਨਿਭਾਉਣਗੇ |