ਭੁੱਨਰਹੇੜੀ, 18 ਜੂਨ (ਧਨਵੰਤ ਸਿੰਘ)-ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਦੇ ਨਤੀਜੇ ਵਜੋਂ ਵੱਖ-ਵੱਖ ਇਲਾਕਿਆਂ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਸੰਮਤੀ ਭੁੱਨਰਹੇੜੀ ਦੇ ਚੇਅਰਮੈਨ ਚਰਨਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸੱਥ ਪ੍ਰੋਗਰਾਮ ਦੌਰਾਨ ਪੀ.ਆਰ.ਟੀ.ਸੀ. ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕੀਤਾ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਵਲੋਂ ਆਮ ਲੋਕਾਂ ਦੀ ਆਵਾਜ਼ ਨੂੰ ਅਣਡਿੱਠਾ ਕੀਤਾ ਜਾਂਦਾ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਫ਼ੈਸਲੇ ਬੰਦ ਕਮਰਿਆਂ ਵਿਚ ਨਹੀਂ ਸਗੋਂ ਪਿੰਡਾਂ ਦੀਆਂ ਸੱਥਾਂ ਵਿਚ ਲੋਕਾਂ ਦੀ ਸਹਿਮਤੀ ਨਾਲ ਲਏ ਜਾ ਰਹੇ ਹਨ। ਹਡਾਣਾ ਨੇ ਦੱਸਿਆ ਕਿ ਪਿੰਡਾਂ ਵਿਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕਰਨ ਲਈ ਵੱਡੇ ਪੱਧਰ ’ਤੇ ਫ਼ੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਭਲਾਈ ਫ਼ੈਸਲੇ ਸ਼ਲਾਘਾਯੋਗ ਹਨ। ਇਸ ਮੌਕੇ ਬਜ਼ੁਰਗਾਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ। ਇਸ ਮੌਕੇ ਗੁਰਮੇਲ ਸਿੰਘ ਬਲਾਕ ਪ੍ਰਧਾਨ, ਸਰਪੰਚ ਜਸਵੀਰ ਕੌਰ, ਹਰਬੰਸ ਸਿੰਘ ਕੌਲੀ, ਪਰਮਿੰਦਰ ਕੌਰ, ਗੁਰਵਿੰਦਰ ਸਿੰਘ, ਭੂਰਾ ਸਿੰਘ, ਪਰਗਟ ਸਿੰਘ, ਰਣਜੀਤ ਸਿੰਘ ਵਿਕੀ, ਹਰਪ੍ਰੀਤ ਸਿੰਘ ਯੂਥ ਪ੍ਰਧਾਨ, ਬਲਜੀਤ ਸਿੰਘ, ਗੁਰਮੀਤ ਸਿੰਘ ਕਾਲਾ, ਰਾਮ ਸਿੰਘ, ਅਵਤਾਰ ਸਿੰਘ, ਮੈਨੇਜਰ ਗੁਰਮੇਲ ਸਿੰਘ, ਗੁਰਜੀਤ ਸਿੰਘ ਭੱਟੀਆਂ, ਪਾਲ ਸਿੰਘ ਨੰਬਰਦਾਰ, ਰਣਧੀਰ ਸਿੰਘ ਨੰਬਰਦਾਰ, ਅਮਰੀਕ ਸਿੰਘ ਸਰਪੰਚ ਅਤੇ ਬਲਜੀਤ ਸਿੰਘ ਸਰਪੰਚ ਭੱਟੀਆਂ ਆਦਿ ਵੀ ਹਾਜ਼ਰ ਸਨ।