ਪਟਿਆਲਾ, 19 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ 24 ਜੂਨ ਨੂੰ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਧ ਦੀ ਖੰਨਾ ਸਥਿਤ ਰਿਹਾਇਸ਼ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਰੂਪ ਰੇਖਾ ਤਹਿ ਕਰਨ ਲਈ ਅੱਜ ਪਟਿਆਲਾ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੂਰੇ ਪੰਜਾਬ ਦੇ ਹਜਾਰਾਂ ਦੀ ਗਿਣਤੀ ਵਿਚ ਕਾਮੇ ਆਪਣੀਆਂ ਪੈਡਿੰਗ ਪਈਆਂ ਮੰਗਾਂ ਦੇ ਨਿਪਟਾਰੇ ਲਈ ਖੰਨਾ ਵਲੋਂ ਕੂਚ ਕਰਨਗੇ ਅਤੇ ਲਾ-ਮਿਸ਼ਾਲ ਇਕੱਠ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿ਼ਆਪਾ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਰਚੇ ਦੇ ਸਕੱਤਰ ਅਵਤਾਰ ਸਿੰਘ ਕੈਂਥ, ਮੈਂਬਰ ਹਰਪੀ੍ਰਤ ਸਿੰਘ, ਕਰਮਜੀਤ ਸਿੰਘ ਸਿੱਧੂ, ਦਲਵੀਰ ਸਿੰਘ ਜੌਹਲ, ਅਮਿਤ ਕੁਮਾਰ, ਜਗਰੂਪ ਸਿੰਘ ਮਹਿਮਦਪੁਰ, ਗੁਰਵਿੰਦਰ ਸਿੰਘ ਗੁਰੂ ਅਤੇ ਸਰਦਾਰਾ ਸਿੰਘ ਗੱਜੂਮਾਜਰਾ ਵਲੋਂ ਦੱਸਿਆ ਗਿਆ ਕਿ ਮੋਰਚੇ ਵਲੋਂ 15 ਜੂਨ ਤੋਂ ਲਗਾਤਾਰ ਪੂਰੇ ਪੰਜਾਬ ਦੇ ਸਰਕਲ ਦਫਤਰਾਂ ਅੰਦਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੋ 22 ਜੂਨ ਤੱਕ ਜਾਰੀ ਰਹਿਣਗੇ। ਜੇਕਰ ਫਿਰ ਵੀ ਪੰਜਾਬ ਸਰਕਾਰ/ ਕਾਰਪੋਰੇਸ਼ਨ ਮੈਨੇਜ਼ਮੈਟ ਵਲੋਂ ਮੀਟਿੰਗ ਪ੍ਰਦਾਨ ਕਰਕੇ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।