ਪਟਿਆਲਾ, 30 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਕੈਂਪਸ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਵਾਤਾਵਰਣ ਪੱਖੀ ਕਦਮ ਚੁੱਕਦਿਆਂ ਬੀਬੀ ਸਾਹਿਬ ਕੌਰ ਹੋਸਟਲ ਵਿਖੇ ਇੱਕ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਗਿਆ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਅੱਜ ਇਸ 100 ਕੇ. ਐੱਲ. ਡੀ. ਦੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਨੂੰ ਹਰਾ-ਭਰਾ ਅਤੇ ਸਵੱਛ ਰੱਖਣ ਦੀ ਵਚਨਬੱਧਤਾ ਤਹਿਤ ਇਹ ਪਲਾਂਟ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਵਰਤੀ ਗਈ ਆਧੁਨਿਕ ਐੱਸ.ਬੀ.ਆਰ. ਤਕਨਾਲੋਜੀ ਇਹ ਯਕੀਨੀ ਬਣਾਏਗੀ ਕਿ ਕੈਂਪਸ ਵਿੱਚ ਕਿਸੇ ਤਰ੍ਹਾਂ ਦੀ ਬਦਬੂ ਨਾ ਫੈਲੇ। ਇਸ ਦੇ ਨਾਲ ਹੀ, ਪਲਾਂਟ ਵਿਚੋਂ ਸੋਧੇ ਹੋਏ ਪਾਣੀ ਨੂੰ ਬਾਗਬਾਨੀ ਵਿੱਚ ਪੌਦਿਆਂ ਅਤੇ ਬਗ਼ੀਚਿਆਂ ਲਈ ਵਰਤਿਆ ਜਾਵੇਗਾ, ਜਿਸ ਨਾਲ ਪਾਣੀ ਦੀ ਵੀ ਵੱਡੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਬੀਬੀ ਸਾਹਿਬ ਕੌਰ ਹੋਸਟਲ ਵਿਖੇ ਇਸ ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਲੱਗਣ ਨਾਲ ਹੋਸਟਲ ਦੀ ਸੀਵਰੇਜ ਸਬੰਧੀ ਚੱਲ ਰਹੀ ਸਮੱਸਿਆ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਸੀ.ਐੱਸ.ਆਰ. (ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ) ਫੰਡ ਰਾਹੀਂ ਇਸ ਪ੍ਰੋਜੈਕਟ ਲਈ ਯੂਨੀਵਰਸਿਟੀ ਨੂੰ ਵੱਡੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਕਾਰਜਕਾਰੀ ਇੰਜਨੀਅਰ ਨਰੇਸ਼ ਮਿੱਤਲ ਨੇ ਦੱਸਿਆ ਕਿ ਇਸ ਅਹਿਮ ਕਾਰਜ ਨੂੰ ਕਰਵਾਉਣ ਲਈ ਲਗਭਗ ਸਾਢੇ 91 ਲੱਖ ਰੁਪਏ ਖਰਚ ਕੀਤੇ ਗਏ ਹਨ, ਜਿਸ ਵਿੱਚੋਂ ਸੀ.ਐੱਸ.ਆਰ. ਰਾਹੀਂ 45 ਲੱਖ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ। ਇਸ ਉਦਘਾਟਨ ਸਮਾਰੋਹ ਦੌਰਾਨ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਵੀ ਮੌਜੂਦ ਸਨ।