13 ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ
ਪਟਿਆਲਾ, 9 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਿਟੀ ਚੈਰੀਟੇਬਲ ਬਲੱਡ ਸੈਂਟਰ ਲੀਲਾ ਭਵਨ ਵਿਖੇ ਸਵ. ਅਮਰਜੀਤ ਕੌਰ ਪਤਨੀ ਜਸਵਿੰਦਰ ਪੰਜਾਬੀ ਦੀ ਯਾਦ ਵਿਚ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ।
ਪਟਿਆਲਾ, 9 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸਿਟੀ ਚੈਰੀਟੇਬਲ ਬਲੱਡ ਸੈਂਟਰ ਲੀਲਾ ਭਵਨ ਵਿਖੇ ਸਵ. ਅਮਰਜੀਤ ਕੌਰ ਪਤਨੀ ਜਸਵਿੰਦਰ ਪੰਜਾਬੀ ਦੀ ਯਾਦ ਵਿਚ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ। ਸਾਲ 2014 ਵਿਚ ਅਮਰਜੀਤ ਕੌਰ ਦੀ ਪਹਿਲੀ ਬਰਸੀ ਤੋਂ ਸਾਲਾਨਾ ਖ਼ੂਨਦਾਨ ਕੈਂਪ ਲਗਾਉਣ ਦਾ ਕਾਰਜ, ਉਨ੍ਹਾਂ ਦੇ ਪਤੀ ਜਸਵਿੰਦਰ ਪੰਜਾਬੀ ਤੇ ਉਨ੍ਹਾਂ ਦੇ ਪੁੱਤਰ ਹਰਸ਼ ਬਾਵਾ ਵਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਕਾਰਜ ਨੂੰ ਹਰ ਸਾਲ ਜੁਲਾਈ ਜਾਂ ਅਗਸਤ ਵਿਚ ਪੰਜਾਬ ਸਟੇਟ ਕਰਮਚਾਰੀ ਦਲ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਂਦਾ ਹੈ। ਸਿਟੀ ਚੈਰੀਟੇਬਲ ਬਲੱਡ ਸੈਂਟਰ ਵਿਖੇ ਖ਼ੂਨਦਾਨੀਆਂ ਨੂੰ ਖ਼ੂਨਦਾਨ ਸਰਟੀਫਿਕੇਟ ਦਿੰਦਿਆਂ, ਜਥੇਬੰਦੀ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ, ਸਕੱਤਰ ਰਾਕੇਸ਼ ਬਾਤਿਸ਼, ਪੁੱਡਾ ਪ੍ਰਧਾਨ ਬਾਵਾ ਸਿੰਘ, ਇੰਜ. ਜਗਦੀਸ਼ ਸਿੰਘ ਚੀਮਾ ਤੇ ਗੁਰਮੇਲ ਧਾਲੀਵਾਲ ਨੇ ਕਿਹਾ ਕਿ ਇਨਸਾਨੀਅਤ ਦੇ ਕਾਰਜਾਂ ਵਿਚ ਸਭ ਤੋਂ ਵੱਡਾ ਕਾਰਜ ਜੇ ਕੋਈ ਹੈ, ਤਾਂ ਉਹ ਹੈ ਖ਼ੂਨਦਾਨ ਕਿਉਂਕਿ ਦਾਨ ਕੀਤਾ ਗਿਆ ਖ਼ੂਨ ਕਿਸੇ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿਚ ਸਹਾਈ ਹੁੰਦਾ ਹੈ। ਜ਼ਿਕਰਯੋਗ ਹੈ ਕਿ ਅਮਰਜੀਤ ਕੌਰ ਜੋ ਕਿ ਵੱਡੀ ਅੰਤੜੀ ਦੇ ਅਲਸਰ ਕਾਰਨ ਸਵਰਗ ਸਿਧਾਰ ਗਈ ਸੀ। ਮ੍ਰਿਤਕ ਅਮਰਜੀਤ ਕੌਰ ਦੀਆਂ ਅੱਖਾਂ ਪੀ. ਜੀ. ਆਈ. ਤੇ ਖੋਜ ਕਾਰਜਾਂ ਲਈ ਸਰੀਰ ਸੀ. ਐਮ. ਸੀ. ਲੁਧਿਆਣਾ ਨੂੰ ਦਾਨ ਕੀਤਾ ਗਿਆ ਸੀ। ਖ਼ੂਨਦਾਨ ਕੈਂਪ ਵਿਚ ਆਪਣੇ ਸਮੇਤ ਕਈ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਖ਼ੂਨਦਾਨ ਕਰਵਾਉਣ ਵਾਲੇ ਨੌਜਵਾਨਾਂ, ਪ੍ਰਤੀਕ ਬਾਤਿਸ਼, ਪਰਦੀਪ ਸਿੰਘ, ਰਾਜਿੰਦਰ ਕੁਮਾਰ ਬਾਵਾ, ਕ੍ਰਿਸ਼ਨ ਲਾਲ ਆਦਿ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ।