ਪਟਿਆਲਾ, 1 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਨਗਰ ਨਿਗਮ ਦੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸ਼ਹਿਰ ਦੇ ਸਮੂਹ ਵਿੱਦਿਅਕ ਇੰਸਟੀਚਿਊਟਾਂ, ਕੋਚਿੰਗ ਸੈਂਟਰਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਸਾਰੇ ਵਪਾਰਕ ਅਦਾਰਿਆਂ ਨੂੰ ਆਪਣੇ ਅਹਾਤੇ ਦੇ ਬਾਹਰ ਅਤੇ ਅੰਦਰ ਗਾਰਬੇਜ (ਕੂੜੇ) ਲਈ ਡਸਟਬੀਨ (ਕੂੜੇਦਾਨ) ਲਗਾਉਣ ਲਈ ਕਿਹਾ ਹੈ। ਕਮਿਸ਼ਨਰ ਨੇ ਕਿਹਾ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਵਪਾਰਕ ਅਦਾਰਿਆਂ ਅਤੇ ਇੰਸਟੀਚਿਊਟਾਂ ਦੇ ਬਾਹਰ ਆਉਣ-ਜਾਣ ਵਾਲੇ ਲੋਕ ਜਾਂ ਵਿਦਿਆਰਥੀ ਖਾਣ-ਪੀਣ ਵਾਲੀਆਂ ਵਸਤੂਆਂ ਦਾ ਕੂੜਾ ਅਤੇ ਪਲਾਸਟਿਕ ਸੜਕਾਂ ’ਤੇ ਸੁੱਟ ਦਿੰਦੇ ਹਨ, ਜਿਸ ਨਾਲ ਸਹਿਰ ਦੀ ਦਿੱਖ ਪ੍ਰਭਾਵਿਤ ਹੁੰਦੀ ਹੈ। ਇਸ ਸਮੱਸਿਆ ਨੂੰ ਰੋਕਣ ਲਈ ਹਰ ਵਪਾਰਕ ਸਥਾਨ ’ਤੇ ਡਸਟਬੀਨ ਦਾ ਹੋਣਾ ਬੇਹੱਦ ਲਾਜ਼ਮੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕੋਈ ਵੀ ਅਦਾਰਾ ਆਪਣਾ ਕੂੜਾ ਬਾਹਰ ਖੁੱਲ੍ਹੇ ਵਿੱਚ ਜਾਂ ਸੜਕ ਕਿਨਾਰੇ ਨਾ ਸੁੱਟੇ, ਬਲਕਿ ਉਸ ਨੂੰ ਨਿਗਮ ਦੀਆਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਦੇ ਹਵਾਲੇ ਹੀ ਕੀਤਾ ਜਾਵੇ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ।