ਪਟਿਆਲਾ, 1 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪਿਛਲੇ ਮਹੀਨੇ ਯੂਨੀਵਰਸਿਟੀ ਕਰਮਚਾਰੀਆਂ ਦੀ ਤਨਖਾਹ 23 ਜੂਨ ਨੂੰ ਜਾਰੀ ਕੀਤੇ ਜਾਣ ਕਾਰਨ ਆਰਥਿਕ ਮੰਦਹਾਲੀ ਦੇ ਦੋਰ ਵਿਚੋਂ ਲੰਘ ਰਹੇ ਮੁਲਾਜ਼ਮਾਂ ਨੇ ਇਸ ਮਹੀਨੇ ਮੁਲਾਜ਼ਮਾਂ ਦੀ ਤਨਖਾਹ ਸਮੇਂ ਸਿਰ ਰਿਲੀਜ਼ ਕਰਨ ਦੀ ਮੰਗ ਕੀਤੀ। ਤਨਖਾਹਾਂ ਲੇਟ ਮਿਲਣ ਕਾਰਨ ਬੈਂਕਾਂ ਦੀਆਂ ਕਿਸ਼ਤਾਂ ਭਰਨ, ਰਾਸ਼ਨ, ਬੱਚਿਆਂ ਦੀਆਂ ਫੀਸਾਂ ਸੰਬੰਧੀ ਦਿੱਕਤਾਂ ਪ੍ਰੇਸ਼ਾਨੀਆਂ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਸਿਰਦਰਦੀ ਬਣੀ ਹੋਈ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਕਨਵੀਨਰ ਅਮਰਜੀਤ ਕੌਰ ਗਿੱਲ ਨੇ ਕਿਹਾ ਕਿ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਭੇਜ ਕੇ ਤਨਖਾਹਾਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਯੂਨੀਵਰਸਿਟੀ ਕਰਮਚਾਰੀਆਂ ਦੀ ਸਭ ਤੋਂ ਅਹਿਮ ਮੰਗ ਮਹੀਨੇ ਦੇ ਪਹਿਲੇ ਤਿੰਨ ਕੰਮਕਾਜੀ ਦਿਨਾਂ ਵਿਚ ਤਨਖਾਹ ਜਾਰੀ ਕਰਵਾਉਣ ਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਤਨਖਾਹ ਸੰਬੰਧੀ ਵਿਸ਼ੇਸ਼ ਗ੍ਰਾਂਟ ਯੂਨੀਵਰਸਿਟੀ ਨੂੰ ਭੇਜੀ ਜਾਂਦੀ ਹੈ। ਆਗੂਆਂ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਨੂੰ ਪੱਤਰ ਭੇਜ ਕੇ ਤਨਖਾਹ ਸੰਬੰਧੀ ਭੇਜੀ ਜਾਣ ਵਾਲੀ ਗ੍ਰਾਂਟ ਸਮੇਂ ਸਿਰ ਰਿਲੀਜ਼ ਕਰਨ ਦੀ ਮੰਗ ਕੀਤੀ ਗਈ ਹੈ। ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਕਨਵੀਨਰ ਨੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਦੀ ਆਰਥਿਕ ਹਾਲਤ ਸੁਧਾਰਨ ਅਤੇ ਹਜ਼ਾਰਾਂ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਯੂਨੀਵਰਸਿਟੀ ਦੀ ਬਿਹਤਰੀ ਲਈ ਯਤਨ ਕੀਤੇ ਜਾਣ।