ਦੇਵੀਗੜ 2 ਜੁਲਾਈ (ਰਾਜਿੰਦਰ ਸਿੰਘ ਮੌਜੀ)- ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹ ਖੇੜੀ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਨਿਪਾਲ ਦੇ ਰੰਗਸ਼ਾਲਾ ਸਟੇਡੀਅਮ ਪੋਖੜਾ ਵਿਖੇ ਹੋਈ ‘ਇੰਡੋ-ਨੇਪਾਲ ਯੂਥ ਗੇਮਜ਼ ਇੰਟਰਨੈਸ਼ਨਲ ਚੈਂਪੀਅਨਸ਼ਿਪ 2026’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ ਅਤੇ ਸਕੂਲ ਦੀ ਝੋਲੀ ਵਿਚ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਪਾਈ ਹੈ । ਖੇਡਾਂ ਦੇ ਵੇਰਵੇ ਅਨੁਸਾਰ ਕਰਾਟੇ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੈਰੀ, ਚਾਹਤਪ੍ਰੀਤ ਕੌਰ ਅਤੇ ਇੰਦਰਜੀਤ ਸਿੰਘ ਨੇ ਸੋਨ ਤਗਮੇ ਹਾਸਲ ਕੀਤੇ, ਜਦਕਿ ਅਭਿਰਾਜਵੀਰ ਸਿੰਘ, ਨਵਨਦੀਪ ਸਿੰਘ ਅਤੇ ਰਮਨਜੋਤ ਕੌਰ ਨੇ ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ । ਥਲੈਟਿਕਸ ਮੁਕਾਬਲਿਆਂ ਵਿਚ ਵੀ ਸਕੂਲ ਦੇ ਖਿਡਾਰੀਆਂ ਦਾ ਦਬਦਬਾ ਰਿਹਾ, ਜਿੱਥੇ ਮੋਹਿਤ ਦਈਆ ਨੇ 200 ਮੀਟਰ ਦੌੜ ਵਿਚ ਅਤੇ ਸ਼ਰਨਦੀਪ ਸਿੰਘ ਨੇ ਸ਼ਾਟਪੁੱਟ (ਗੋਲਾ ਸੁੱਟਣ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਸ਼ਤਰੰਜ (ਚੈੱਸ) ਦੇ ਮੁਕਾਬਲਿਆਂ ਵਿਚ ਆਪਣੀ ਬੁੱਧੀ ਦਾ ਲੋਹਾ ਮਨਾਉਂਦੇ ਹੋਏ ਸਮਰਵੀਰ ਸਿੰਘ ਅਤੇ ਕੁਨਾਲ ਗੋਸਵਾਮੀ ਨੇ ਸੋਨ ਤਗਮਾ ਅਤੇ ਖੁਸ਼ਮੀਤ ਸਿੰਘ ਨੇ ਚਾਂਦੀ ਦੇ ਤਗਮੇ ’ਤੇ ਕਬਜ਼ਾ ਕੀਤਾ। ਇਨ੍ਹਾਂ ਸਾਰੇ ਸ਼ਾਨਦਾਰ ਨਤੀਜਿਆਂ ਦੇ ਬਲਬੂਤੇ ਸਕੂਲ ਨੇ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਅੰਤਰਰਾਸ਼ਟਰੀ ਸਫ਼ਲਤਾ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਸਾਂਝੇ ਤੌਰ ’ਤੇ ਜੇਤੂ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਮੰਚ ’ਤੇ ਓਵਰਆਲ ਟਰਾਫੀ ਜਿੱਤ ਕੇ ਜੋ ਮੱਲ੍ਹਾਂ ਮਾਰੀਆਂ ਹਨ, ਉਸ ’ਤੇ ਪੂਰੇ ਸਕੂਲ ਸਟਾਫ਼ ਅਤੇ ਇਲਾਕੇ ਨੂੰ ਬਹੁਤ ਮਾਣ ਹੈ।