ਘਨੌਰ, 4 ਜੂਲਾਈ (ਸਰਦਾਰਾ ਸਿੰਘ ਲਾਛੜੂ)- ਹਲਕਾ ਘਨੌਰ ’ਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਬੱਲ ਮਿਲਿਆ, ਜਦੋਂ ਹਲਕਾ ਇੰਚਾਰਜ ਭਾਜਪਾ ਘਨੌਰ ਵਿਕਾਸ ਸ਼ਰਮਾ ਦੀ ਪ੍ਰੇਰਨਾਦਾਇਕ ਅਗਵਾਈ ਹੇਠ ਪਿੰਡ ਰਾਮਪੁਰ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸੈਂਕੜੇ ਪ੍ਰਮੁੱਖ ਆਗੂ ਤੇ ਸਮਰਥਕ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਭਾਜਪਾ ’ਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਅਤੇ ਵਰਕਰਾਂ ਦਾ ਵਿਕਾਸ ਸ਼ਰਮਾ ਵਲੋਂ ਸਿਰੋਪਾਓ ਪਾ ਕੇ ਪਾਰਟੀ ’ਚ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਕਿਹਾ ਕਿ ਅੱਜ ਲੋਕ ਮੌਜੂਦਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਅਤੇ ਕਾਂਗਰਸ ਦੀ ਆਪਸੀ ਫੁੱਟ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਕਲਿਆਣਕਾਰੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਪੰਜਾਬ ਦਾ ਹਰ ਵਰਗ, ਖਾਸ ਕਰਕੇ ਪੇਂਡੂ ਖੇਤਰਾਂ ਦੇ ਲੋਕ ਭਾਜਪਾ ਨਾਲ ਚਟਾਨ ਵਾਂਗ ਖੜ੍ਹੇ ਹੋ ਰਹੇ ਹਨ । ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ’ਚ ਸ਼ਾਮਿਲ ਹੋਏ ਹਰੇਕ ਵਰਕਰ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਹਲਕਾ ਘਨੌਰ ਦੇ ਵਿਕਾਸ ਲਈ ਦਿਨ-ਰਾਤ ਇਕ ਕੀਤਾ ਜਾਵੇਗਾ । ਭਾਜਪਾ ਵਿਚ ਸ਼ਾਮਿਲ ਹੋਏ ਸਮਰਥਕਾਂ ਨੇ ਇਕਸੁਰ ’ਚ ਕਿਹਾ ਕਿ ਉਹ ਹਲਕਾ ਇੰਚਾਰਜ ਵਿਕਾਸ ਸ਼ਰਮਾ ਦੀ ਮਿਹਨਤ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲੈ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਨੂੰ ਹਲਕੇ ’ਚ ਹੋਰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਗੇ । ਇਸ ਮੌਕੇ ਭਾਜਪਾ ’ਚ ਸ਼ਾਮਿਲ ਹੋਏ ਆਗੂਆਂ ਉਦਮ ਸਿੰਘ, ਸੰਦੀਪ ਸਿੰਘ, ਸੰਨੀ, ਹਰਵਿੰਦਰ ਸਿੰਘ, ਹਰਜਿੰਦਰ, ਗੁਰਦੀਪ, ਗੁਰਸਬਕ, ਸਿਮਰਨ, ਮਨਪ੍ਰੀਤ, ਜਸਪ੍ਰੀਤ, ਮਨੀਸ਼, ਡਾ. ਪਰਮਜੀਤ, ਰਿੰਕੂ ਸਿੰਘ, ਜਗਦੇਵ ਸਿੰਘ, ਹੈਪੀ, ਗੌਰਵ, ਦੀਪੂ, ਨਿਰਮਲ ਸਿੰਘ, ਹਰਮੇਸ਼ ਸਿੰਘ ਨੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀਕਲਾ ਲਈ ਅੱਗੇ ਹੋ ਕੇ ਕੰਮ ਕਰਨਗੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਕਾਸ ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਨੇ ਮਹਿਲਾਵਾਂ ਨੂੰ 51 ਹਜ਼ਾਰ ਪਾਉਣ ਦੀ ਜਗ੍ਹਾ 3 ਹਜ਼ਾਰ ਪਾ ਕੇ ਮਹਿਲਾਵਾਂ ਨਾਲ ਧੋਖਾ ਕੀਤਾ ਹੈ । ਜਿਸ ਦਾ ਨਤੀਜਾ ਆਉਂਦਿਆਂ ਚੋਣਾਂ ਵਿਚ ਮਾਨ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਮੌਕੇ ਜ਼ਿਲ੍ਹਾ ਸਕੱਤਰ ਨਰਿੰਦਰ ਸੂਦ, ਮੰਡਲ ਪ੍ਰਧਾਨ ਘਨੌਰ ਕਮਲਜੀਤ ਸਿੰਘ, ਪ੍ਰਦੀਪ ਕੁਮਾਰ, ਬਲਕਾਰ ਸਿੰਘ ਲੋਹਸਿੰਬਲੀ ਪ੍ਰਧਾਨ ਐਸ.ਸੀ. ਮੋਰਚਾ ਬਲਾਕ ਘਨੌਰ, ਧਰਮਰਾਜ ਸਿੰਘ, ਪ੍ਰਬੀਨ ਸਿੰਘ, ਕੁਲਬੀਰ ਸਿੰਘ, ਅਮਰਜੀਤ ਸਿੰਘ, ਗੌਤਮ ਸੂਦ ਸਮੇਤ ਇਲਾਕੇ ਦੇ ਕਈ ਪਤਵੰਤੇ ਸੱਜਣ, ਸਥਾਨਕ ਭਾਜਪਾ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿਚ ਗ੍ਰਾਮ ਨਿਵਾਸੀ ਹਾਜ਼ਰ ਸਨ।