ਪਟਿਆਲਾ, 7 ਜੁਲਾਈ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਇਤਿਹਾਸਕ ਤੇ ਸ਼ਰਧਾ ਪੂਰਵਕ ਮਨਾਉਣ ਲਈ ਚਲਾਈਆਂ ਤਿੰਨ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿਚ ਭੇਜਣ ਲਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਏ. ਡੀ. ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇਜਿੰਦਰ ਮਹਿਤਾ ਤੇ ਹਰਪਾਲ ਵਿਰਕ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ ਸੰਦੇਸ਼ ਸਮਾਜ ਦੇ ਸਮੁੱਚੀ ਲੋਕਾਈ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਅੱਜ 3 ਰਵਾਨਾ ਕੀਤੀਆਂ ਮੋਬਾਈਲ ਡਾਕੂਮੈਂਟਰੀ ਵੈਨਾਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਾਣਗੀਆਂ। ਮਹਿਤਾ ਤੇ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਲਾਈਆਂ ਇਨ੍ਹਾਂ ਵੈਨਾਂ ਰਾਹੀਂ ਗੁਰੂ ਜੀ ਦੇ ਬਰਾਬਰੀ, ਸਮਾਜਿਕ ਨਿਆਂ, ਸ਼ਰਧਾ ਤੇ ਵਿਸ਼ਵਵਿਆਪੀ ਸਾਂਝੀਵਾਲਤਾ ਦੇ ਸਦੀਵੀ ਸੰਦੇਸ਼ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਨੂੰ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਤੇ ਹੁਣ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸੁਭਾਗ ਮਿਲ ਰਿਹਾ ਹੈ। ਇਸ ਮੌਕੇ ਏ. ਡੀ. ਸੀ. ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਐਲ. ਈ. ਡੀਜ ਨਾਲ ਲੈਸ ਮੋਬਾਈਲ ਵੈਨਾਂ ਰਾਹੀਂ ਪਟਿਆਲਾ ਦੇ ਸਾਰੇ ਪਿੰਡਾਂ ਵਿਚ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ ਅਤੇ ਪਵਿੱਤਰ ਸਿੱਖਿਆਵਾਂ ‘ਤੇ ਆਧਾਰਤ 30 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟਰੇਡ ਕਮਿਸ਼ਨ ਮੈਂਬਰ ਨਿਰਮਲ ਝਨੇੜੀ, ‘ਆਪ’ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਤਕੇਜਾ, ਮਨੀਸ਼ ਗਰਗ, ਬਲਾਕ ਸੰਮਤੀ ਪਟਿਆਲਾ ਦਿਹਾਤੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਗੋਬਿੰਦ, ਮੈਂਬਰ ਬਲਾਕ ਸੰਮਤੀ ਸ਼ਲਿੰਦਰ ਸਿੰਘ, ਯੂਥ ਵਿੰਗ ਪ੍ਰਧਾਨ ਕਰਨ ਸਿੰਘ, ਮਨਪ੍ਰੀਤ ਸਿੰਘ, ਚਸ਼ਪਿੰਦਰ ਸਿੰਘ, ਲਾਭ ਸਿੰਘ, ਸੁਖਮੀਤ ਸਿੰਘ, ਬਲਾਕ ਪ੍ਰਧਾਨ ਹੇਮ ਰਾਜ ਤੇ ਸੁਰਜੀਤ ਗੁਰੂ ਡਕਾਲਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ।