ਸਮਾਣਾ, 7 ਜੁਲਾਈ (ਸਾਹਿਬ ਸਿੰਘ)-ਮੋਤੀਆ ਬਾਜ਼ਾਰ ਮੁਹੱਲੇ ’ਚ ਬੰਦ ਪਏ ਇਕ ਘਰ ਵਿਚ ਦਿਨ ਦਿਹਾੜੇ 15 ਅਣਪਛਾਤੀਆਂ ਔਰਤਾਂ ਨੇ ਦਾਖਲ ਹੋ ਕੇ ਘਰ ਵਿਚ ਪਿਆ ਸਾਮਾਨ ਚੋਰੀ ਕਰ ਲਿਆ। ਸ਼ੱਕ ਹੋਣ ’ਤੇ ਗੁਆਂਢੀਆਂ ਨੇ ਮਕਾਨ ਮਾਲਕ ਨੂੰ ਸੁਚਿਤ ਕੀਤਾ। ਮਕਾਨ ਮਾਲਕ ਅਸ਼ੋਕ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਕੁਝ ਔਰਤਾਂ ਨੂੰ ਸਾਮਾਨ ਸਣੇ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ। ਇਸ ਦੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਾ ਮਕਾਨ ਕਾਫੀ ਸਮੇਂ ਤੋਂ ਬੰਦ ਪਿਆ ਹੈ ਪਰ ਮੰਗਲਵਾਰ ਦੁਪਹਿਰ ਸਮੇਂ ਦਰਜਨ ਤੋਂ ਵੱਧ ਔਰਤਾਂ ਉਸ ਦੇ ਮਕਾਨ ਮੂਹਰੇ ਬੈਠ ਗਈਆਂ ਤੇ ਕੁਝ ਔਰਤਾਂ ਨੇ ਘਰ ਅੰਦਰ ਦਾਖਲ ਹੋ ਕੇ ਉਸ ਦੇ ਘਰ ਵਿਚ ਪਿਆ ਪੁਰਾਣਾ ਸਾਮਾਨ ਚੋਰੀ ਕਰ ਲਿਆ ਤੇ ਫ਼ਰਾਰ ਹੋ ਗਈਆਂ। ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਵਿਚੋਂ ਕੁਝ ਔਰਤਾਂ ਨੂੰ ਫੜ ਲਿਆ ਤੇ ਸਾਮਾਨ ਸਣੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਔਰਤਾਂ ਨੂੰ ਫੜੇ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਲਕਾਂ ਵਲੋਂ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ, ਸ਼ਿਕਾਇਤ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।