ਪਟਿਆਲਾ, 7 ਜੁਲਾਈ (ਅ. ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ (ਪਟਿਆਲਾ ਜ਼ਿਲ੍ਹਾ) ਦੇ ਸੀਨੀਅਰ ਰਾਸ਼ਟਰੀ ਤੇ ਪੰਜਾਬ ਅਹੁਦੇਦਾਰਾਂ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਇਕ ਸਾਂਝੀ ਮੀਟਿੰਗ ਪਵਨ ਗੁਪਤਾ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਦੀ ਅਗਵਾਈ ’ਚ ਹੋਈ। ਬੈਠਕ ’ਚ 24 ਜੁਲਾਈ ਨੂੰ ਪਟਿਆਲਾ ਵਿਚ ਹੋਣ ਵਾਲੇ ਪ੍ਰਸਤਾਵਿਤ ‘ਤ੍ਰਿਸ਼ੂਲ ਮਾਰਚ’ ਦੀਆਂ ਤਿਆਰੀਆਂ ਸੰਬੰਧੀ ਕੀਤੀ ਗਈ। ਮੀਟਿੰਗ ਵਿਚ ਪਾਰਟੀ ਦੇ ਰਾਸ਼ਟਰੀ ਸਲਾਹਕਾਰ ਹੇਮਰਾਜ ਗੋਇਲ, ਕਾਂਤਾ ਬਾਂਸਲ, ਸ਼ਮਾ ਕਾਂਤ ਪਾਂਡੇ ਸੀਨੀਅਰ ਉਪ ਪ੍ਰਧਾਨ, ਪੰਜਾਬ ਤੇ ਜ਼ਿਲ੍ਹਾ ਇੰਚਾਰਜ, ਕ੍ਰਿਸ਼ਨਾ ਗਾਬਾ, ਹਿਤੇਸ਼ ਰਿੰਕੂ, ਅਮਰਜੀਤ ਬੰਟੀ, ਭੋਲਾ ਸ਼ਰਮਾ, ਗੁਰਪ੍ਰੀਤ ਬੱਗੀ ਸ਼ਾਮਿਲ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਵਨ ਗੁਪਤਾ ਨੇ ਕਿਹਾ ਕਿ ਤ੍ਰਿਸ਼ੂਲ ਮਾਰਚ ਪੰਜਾਬ ਦੇ 9 ਚੁਣੇ ਹੋਏ ਜ਼ਿਲ੍ਹਿਆਂ ਵਿਚ ਆਯੋਜਿਤ ਕੀਤਾ ਜਾਵੇਗਾ। ਹਰੇਕ ਜ਼ਿਲ੍ਹੇ ਵਿਚ, 101 ਸ਼ਿਵ ਸੈਨਾ ਹਿੰਦੁਸਤਾਨ ਕਾਰਕੁਨ ਮਾਰਚ ਵਿਚ ਹਿੱਸਾ ਲੈਣਗੇ, ਜਿਸ ਦੀ ਅਗਵਾਈ ਤ੍ਰਿਸ਼ੂਲ ਲੈ ਕੇ ਸਤਿਕਾਰਯੋਗ ਸਾਧੂ, ਸੰਤਾਂ ਤੇ ਮਹਾ ਮੰਡਲੇਸਵਰਾ ਵਲੋਂ ਕੀਤੀ ਜਾਵੇਗੀ। ਪੰਜਾਬ ਸਰਕਾਰ ਨੂੰ ਹਿੰਦੂ ਭਾਈਚਾਰੇ ਦੀਆਂ 11-ਨੁਕਾਤੀ ਮੰਗਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ‘ਤੇ ਉਨ੍ਹਾਂ ਮੰਗਾਂ ਨੂੰ ਹੱਲ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ ਜੋ ਇਸ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਹਨ। ਜੇਕਰ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਪੱਤਰਾਂ ਤੇ ਦਬਾਅ ਦੇ ਬਾਵਜੂਦ ਪੰਜਾਬ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਵਿਚ ਅਸਫਲ ਰਹਿੰਦੀ ਹੈ, ਤਾਂ ਸ਼ਿਵ ਸੈਨਾ ਹਿੰਦੁਸਤਾਨ ਕੇਂਦਰ ਸਰਕਾਰ ਅਤੇ ਭਾਜਪਾ ਦੋਵਾਂ ਵਿਰੁੱਧ ਇਕ ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗੀ, ਇਹ ਯਕੀਨੀ ਬਣਾਏਗੀ ਕਿ ਇਹ ਪੰਜਾਬ ਦੇ ਘੱਟ ਗਿਣਤੀ ਵਰਗ ਹਿੰਦੂ ਸਮਾਜ ਦੀਆਂ ਮੰਗਾਂ ਕਿਸੇ ਵੀ ਕੀਮਤ ‘ਤੇ ਪੂਰੀਆਂ ਕੀਤੀਆਂ ਜਾਣ।