06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਵਿਖੇ ਨਵੀਂ ਮੰਡੀ ਬਣਾਉਣ ਲਈ ਵਿਸ਼ੇਸ਼ ਦੌਰਾ

Ad Position 21
No active advertisement
ਅਜੀਤ ਡੈਸਕ 08-07-2026
ਸਮਾਣਾ, 7 ਜੁਲਾਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਹਲਕਾ ਸਮਾਣਾ ਦੇ ਅਧੀਨ ਆਉਂਦੇ ਪਿੰਡ ਦਦਹੇੜਾ ਵਿਖੇ ਪਹੁੰਚ ਕੇ ਉੱਥੇ ਬਣਨ ਵਾਲੀ ਮੰਡੀ ਲਈ ਜ਼ਮੀਨ ਦਾ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਪਿੰਡ ਦਦਹੇੜਾ ਵਿਖੇ ਬਣਨ ਵਾਲੀ ਨਵੀਂ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਠੋਸ ਨੀਤੀ ਤਿਆਰ ਕਰਨਾ ਰਿਹਾ। ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਦੀ ਪੰਚਾਇਤ ਵਲੋਂ ਪੰਜਾਬ ਮੰਡੀ ਬੋਰਡ ਨੂੰ 18 ਕਿੱਲੇ ਜ਼ਮੀਨ ਮੁਫ਼ਤ ਦਿੱਤੀ ਗਈ ਹੈ ਤਾਂ ਜੋ ਉੱਥੇ ਮੰਡੀ ਬਣਾਈ ਜਾ ਸਕੇ। ਇਸ ਦੌਰੇ ਦੌਰਾਨ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਉੱਚ ਅਧਿਕਾਰੀਆਂ ਵਲੋਂ ਮੰਡੀ ਦੇ ਨਿਰਮਾਣ ਦੀ ਯੋਜਨਾਬੰਦੀ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਚੇਅਰਮੈਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਵਿਚ ਕਿਸਾਨਾਂ ਦੀਆਂ ਜ਼ਰੂਰਤਾਂ ਤੇ ਸੁਵਿਧਾਵਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਵੇ। ਸ. ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਮਾਣਾ ਦੇ ਪਿੰਡ ਦਦਹੇੜਾ ਵਿਖੇ ਨਵੀਂ ਮੰਡੀ ਬਣਨ ਨਾਲ ਇਸ ਖੇਤਰ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪਹਿਲਾਂ ਇਸ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਦੂਰ ਦੀਆਂ ਮੰਡੀਆਂ ਵਿਚ ਜਾਣਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੁੰਦੇ ਸਨ ਪਰ ਦਦਹੇੜਾ ਵਿਖੇ ਮੰਡੀ ਬਣਨ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡ ਦੇ ਬਿਲਕੁਲ ਨਜ਼ਦੀਕ ਹੀ ਫਸਲ ਵੇਚਣ ਦੀ ਸਹੂਲਤ ਮਿਲ ਜਾਵੇਗੀ। ਚੇਅਰਮੈਨ ਨੇ ਅੱਗੇ ਦੱਸਿਆ ਕਿ ਇਸ ਨਵੀਂ ਬਣਨ ਵਾਲੀ ਮੰਡੀ ਵਿਚ ਫੜ, ਸ਼ੈੱਡ, ਕਿਸਾਨਾਂ ਤੇ ਮਜ਼ਦੂਰਾਂ ਦੇ ਬੈਠਣ ਲਈ ਪ੍ਰਬੰਧ, ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਵਰਗੀਆਂ ਤਮਾਮ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਇਲਾਕਾ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਤੇ ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਅੰਮ੍ਰਿਤਪਾਲ ਸਿੰਘ ਕਾਰਜਕਾਰੀ ਇੰਜੀਨੀਅਰ, ਪੰਕਜ ਮਹਿਰਾ ਐਸਡੀਓ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਤਿਰਲੋਚਨ ਸਿੰਘ ਸਰਪੰਚ ਰੱਖੜਾ, ਧਰਮਿੰਦਰ ਸਿੰਘ ਬਲਾਕ ਸਮੰਤੀ ਮੈਂਬਰ ਆਸਾਮਾਜਰਾ ਸਮੇਤ ਇਲਾਕੇ ਦੇ ਮੋਹਤਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਕਵੀਆਂ ਨੇ ਰੰਗ ਬੰਨ੍ਹਿਆ ਅਗਲੀ ਖ਼ਬਰ ‘ਦ ਮਿਲੈਨੀਅਮ ਸਕੂਲ ਪਟਿਆਲਾ ਨੇ ਦੇਸ਼ ਭਰ ਦੇ ਚੋਟੀ ਦੇ ਸਕੂਲਾਂ ֹ’ਚ ਬਣਾਈ ਜਗ੍ਹਾ
Ad Position 24
No active advertisement